ਲੁਧਿਆਣਾ : 08 ਦਸੰਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਉੱਘੇ ਪੰਜਾਬੀ ਕਵੀ ਤੇ ਚਿੱਤਰਕਾਰ ਸ੍ਰੀ ਦੇਵ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਵਿਟਜਰਲੈਂਡ ਵੱਸਦੇ ਦੇਵ ਦੀ ਚਿੱਤਰਕਾਰੀ ਤੇ ਕਾਵਿ ਸਿਰਜਣ ਵਿਚ ਅੰਤਰ ਰਾਸ਼ਟਰੀ ਪਛਾਣ ਸੀ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਦੇਵ ਇਕ ਬੜਾ ਸੂਖ਼ਮ ਸੁਹਜ ਵਾਲਾ ਕਵੀ ਤੇ ਚਿੱਤਰਕਾਰ ਸੀ ਜਿਸ ਦੀ ਰਚਨਾ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਦੇਵ ਮੁੱਢਲੇ ਸਫ਼ਰ ਵਿਚ ਲਗਪਗ ਪੰਦਰਾਂ ਸਾਲ ਲੁਧਿਆਣੇ ਰਹੇ ਅਤੇ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ‘ਵਿਦਰੋਹ’ ਲੁਧਿਆਣੇ ਰਹਿੰਦਿਆਂ ਹੀ ਪ੍ਰਕਾਸ਼ਿਤ ਹੋਈ। ਉਨ੍ਹਾਂ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪ੍ਰੇਰਨਾ ਨਾਲ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬ ਘਰ ਵਿਚ ਤਿਆਰ ਕੀਤਾ ਵਿਸ਼ਾਲ ਕੰਧ ਚਿੱਤਰ ਹੈ ਜੋ ਲੁਧਿਆਣਾ ਨੂੰ ਉਨ੍ਹਾਂ ਦੀ ਵੱਡੀ ਦੇਣ ਹੈ। ਹੋਰ ਇਨਾਮਾਂ/ਸਨਮਾਨਾਂ ਇਲਾਵਾ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 2001 ’ਚ ਸਨਮਾਨਿਆ ਗਿਆ ਸੀ। ਉਨ੍ਹਾਂ ਨੇ ‘ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ ਮਿੱਟੀ, ਪ੍ਰਸ਼ਨ ਤੇ ਪਰਵਾਸ, ਸ਼ਬਦਾਂਤ, ਹੁਣ ਤੋਂ ਪਹਿਲਾਂ, ਉੱਤਰਾਇਣ ਤੇ ਤਿਕੋਨਾ ਸਫ਼ਰ’ ਦੀ ਰਚਨਾ ਕੀਤੀ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਪਾਲ ਕੌਰ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ

Leave a Reply