ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੁਸਤਕ ਮੇਲਾ ਅਤੇ ਸਾਹਿਤ ਉਤਸਵ 22 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਹਰ
ਸਾਲ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕਰਵਾਇਆ ਜਾਂਦਾ ਹੈ। ਇਸ ਵਾਰ 22
ਨਵੰਬਰ ਤੋਂ 25 ਨਵੰਬਰ, 2025 ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬ
ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਵਲੋਂ ਵਿਸ਼ਾਲ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਆਯੋਜਨ ਕਰ ਰਹੀ
ਹੈ। ਇਸ ਮੌਕੇ ਪੰਜਾਬੀ ਦੇ ਪ੍ਰਕਾਸ਼ਕ, ਪੁਸਤਕ ਵਿਕਰੇਤਾ ਵੱਡੀ ਗਿਣਤੀ ਵਿਚ ਸ਼ਾਮਲ ਹੋ
ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਉਪਰੋਕਤ
ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਚਾਰ ਰੋਜ਼ਾ ਪੁਸਤਕ ਮੇਲੇ ਵਿਚ ਪੰਜਾਬ, ਪੰਜਾਬੀ ਅਤੇ
ਪੰਜਾਬੀਅਤ ਦੇ ਨਾਲ ਨਾਲ ਵਿਭਿੰਨ ਸਾਹਿਤਕ ਸਰਗਰਮੀਆਂ ਉਲੀਕੀਆਂ ਗਈਆਂ ਹਨ। ਉਨ੍ਹਾਂ
ਦਸਿਆ ਕਿ ਪੰਜਾਬੀ ਭਵਨ, ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ ਵਿਖੇ 22
ਨਵੰਬਰ, 2025 ਨੂੰ ‘ਸੁਪਨਾ ਸੂਰਜ ਦਾ’ (ਗਾਥਾ-ਏ-ਹਨੇਰ ਨਗਰੀ) ਮਾਨਵਤਾ ਕਲਾ ਮੰਚ ਨਗਰ,
ਲੇਖਕਾ ਕੁਲਵੰਤ ਕੌਰ ਨਗਰ, ਨਿਰਦੇਸ਼ਕ ਜਸਵਿੰਦਰ ਪੱਪੀ, 23 ਨਵੰਬਰ ਨੂੰ ਨਾਟਕ ‘ਇੱਕ ਸੀ
ਜਲਪਰੀ’ ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਲੇਖਕ ਰਾਜਵਿੰਦਰ ਸਮਰਾਲਾ, ਅਕਸ ਰੰਗਮੰਚ
ਸਮਰਾਲਾ, 24 ਨਵੰਬਰ ਨੂੰ ਨਾਟਕ ‘ਘਰ ਘਰ’, ਲੇਖਕ ਪਾਲੀ ਭੁਪਿੰਦਰ ਸਿੰਘ, ਨਿਰਦੇਸ਼ਕ
ਰਾਜਿੰਦਰ ਰਾਜ, ਸੱਤਿਆ ਗਰੁੱਪ ਆਫ਼ ਥੀਏਟਰ, ਲੁਧਿਆਣਾ, 25 ਨਵੰਬਰ ਨੂੰ ਨਾਟਕ ‘ਜੀ ਆਇਆਂ
ਨੂੰ’ ਲੇਖਕ ਭੁਪਿੰਦਰ ਉਤਰੇਜਾ, ਨਿਰਦੇਸ਼ਕ ਹਨੀ ਉਤਰੇਜਾ, ਨਟਰੰਗ ਰਜਿ., ਅਬੋਹਰ
ਗਰੁੱਪਾਂ ਵਲੋਂ ਨਾਟ-ਮੰਚਨ ਕਰਵਾਏ ਜਾਣੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਕਿਹਾ ਕਿ 22 ਨਵੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਧਰਮਵੀਰ ਗਾਂਧੀ, ਮੈਂਬਰ
ਲੋਕ ਸਭਾ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ,
ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸ਼ਾਮਲ ਹੋਣਗੇ। ਲੁਧਿਆਣਾ ਦੀ ਮੇਅਰ ਪਿ੍ਰੰ.
ਇੰਦਰਜੀਤ ਕੌਰ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ। ਉਨ੍ਹਾਂ ਦਸਿਆ 22 ਨਵੰਬਰ ਨੂੰ
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਸੁਆਗਤੀ ਸ਼ਬਦ ਕਹਿਣਗੇ। ਇਸ ਦਿਨ ਸ੍ਰੀ ਜੰਗ
ਬਹਾਦਰ ਗੋਇਲ, ਸਾਬਕਾ ਆਈ.ਏ.ਐੱਸ. ‘ਆਓ ਸ਼ਬਦਾਂ ਸੰਗ ਦੋਸਤੀ ਕਰੀਏ’ ਵਿਸ਼ੇ ’ਤੇ ਭਾਸ਼ਣ
ਦੇਣਗੇ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਸਭ ਦਾ ਧੰਨਵਾਦ ਕਰਨਗੇ।
ਦੂਜੇ ਦਿਨ 23 ਨਵੰਬਰ ਨੂੰ ਗਾਉਦੀ ਸ਼ਾਇਰੀ (ਕਵੀ ਦਰਬਾਰ) ਦਾ ਆਯੋਜਨ ਕੀਤਾ ਜਾਵੇਗਾ ਜਿਸ
ਦੀ ਪ੍ਰਧਾਨਗੀ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀ ਜਸਵੰਤ ਜ਼ਫ਼ਰ ਕਰਨਗੇ। ਮੁੱਖ
ਮਹਿਮਾਨ ਵਜੋਂ ਪੰਜਾਬ ਆਰਟਸ ਕਾਉਸਲ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ ਅਤੇ ਵਿਸ਼ੇਸ਼
ਮਹਿਮਾਨ ਵਜੋਂ ਜਨਾਬ ਖ਼ਾਲਿਦ ਹੁਸੈਨ ਸ਼ਾਮਲ ਹੋਣਗੇ। ਸ. ਅਮਰਜੀਤ ਸਿੰਘ ਗਰੇਵਾਲ ‘ਪਰਵਾਸੀ
ਮਜ਼ਦੂਰ ਅਤੇ ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦੇਣਗੇ। ਇਸ ਪ੍ਰੋਗਰਾਮ ਦੇ
ਕਨਵੀਨਰ ਡਾ. ਹਰੀ ਸਿੰਘ ਜਾਚਕ ਹੋਣਗੇ ਅਤੇ ਧੰਨਵਾਦ ਸ੍ਰੀ ਜਸਪਾਲ ਮਾਨਖੇੜਾ ਕਰਨਗੇ।
ਉਨ੍ਹਾਂ ਦਸਿਆ ਕਿ ਸਾਹਿਤ ਉਤਸਵ ਦੇ ਤੀਜੇ ਦਿਨ 24 ਨਵੰਬਰ ਨੂੰ ਪੱਤਰਕਾਰੀ ਅਤੇ ਪੰਜਾਬ
ਬਾਰੇ ਵਿਚਾਰ ਵਟਾਂਦਰੇ ਹੋਣਗੇ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਕਰਨਗੇ
ਅਤੇ ਮੁੱਖ ਮਹਿਮਾਨ ਵਜੋਂ ਡਾ. ਸ. ਪ. ਸਿੰਘ ਸ਼ਾਮਲ ਹੋਣਗੇ। ਇਸ ਮੌਕੇ ਡਾ. ਸਵਰਾਜਬੀਰ
‘ਪੰਜਾਬ ਬਾਰੇ ਗੱਲਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦੇਣਗੇ। ਪੈਨਲਿਸਟ ਸ਼ਿਵਇੰਦਰ ਸਿੰਘ,
ਬੀ.ਬੀ.ਸੀ. ਦੇ ਪੱਤਰਕਾਰ ਆਰਿਸ਼ ਛਾਬੜਾ ਅਤੇ ਰਾਜੀਵ ਖੰਨਾ ਹੋਣਗੇ। ਪ੍ਰੋਗਰਾਮ ਕਨਵੀਨਰ
ਡਾ. ਹਰਵਿੰਦਰ ਸਿੰਘ ਸਿਰਸਾ ਹੋਣਗੇ ਅਤੇ ਧੰਨਵਾਦ ਸ੍ਰੀ ਸੁਰਿੰਦਰ ਕੈਲੇ ਕਰਨਗੇ। ਜਨਰਲ
ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ
ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਅਖ਼ੀਰਲੇ ਦਿਨ 25 ਨਵੰਬਰ ਨੂੰ ‘ਹਾਸ਼ੀਏ ਦਾ ਸਮਾਜ’
ਵਿਸ਼ੇ ’ਤੇ ਡਾ. ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਲੈਕਚਰ ਦੇਣਗੇ। ਇਸੇ ਸੈਸ਼ਨ ਦੌਰਾਨ ਮਾਤਾ
ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਨੂੰ ਭੇਟਾ
ਕੀਤਾ ਜਾਵੇਗਾ। ਉਪਰੰਤ ਨਾਰੀ ਸ਼ਾਇਰਾਂ ਦਾ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਕਵੀ
ਦਰਬਾਰ ਦੀ ਪ੍ਰਧਾਨਵੀ ਸ੍ਰੀਮਤੀ ਅਰਤਿੰਦਰ ਕੌਰ ਸੰਧੂ ਕਰਨਗੇ। ਮੁੱਖ ਮਹਿਮਾਨ ਵਜੋਂ
ਸੂਬਾ ਬਲਵਿੰਦਰ ਸਿੰਘ ਝੱਲ, ਪ੍ਰਧਾਨ ਨਾਮਧਾਰੀ ਦਰਬਾਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ.
ਕੰਵਲਜੀਤ ਢਿੱਲੋਂ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਅਰਵਿੰਦਰ ਕੌਰ ਕਾਕੜਾ
ਅਤੇ ਨਰਿੰਦਰਪਾਲ ਕੌਰ ਹੋਣਗੇ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਕਰਨਗੇ। ਉਨ੍ਹਾਂ
ਇਸ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਵਿਚ ਸਮੂਹ ਪੁਸਤਕ ਅਤੇ ਸਾਹਿਤ
ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਹਰਦਿਕ ਖੁੱਲ੍ਹਾ ਦਿੰਦਿਆਂ ਕਿਹਾ ਕਿ ਇਸ ਤੋਂ ਇਲਾਵਾ
ਫ਼ੋਟੋ, ਚਿੱਤਰਕਾਰੀ, ਅੱਖਰਕਾਰੀ ਆਦਿ ਪ੍ਰਦਰਸ਼ਨੀਆਂ ਸਮੇਤ ਸਭਿਆਚਾਰਕ ਗਤੀਵਿਧੀਆਂ ਚਾਰੇ
ਦਿਨ ਜਾਰੀ ਰਹਿਣਗੀਆਂ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ  ਸਕੱਤਰ
ਮੋਬਾਈਲ : 70099-66188


Posted

in

by

Tags:

Comments

Leave a Reply

Your email address will not be published. Required fields are marked *