ਲੁਧਿਆਣਾ : 14 ਜੂਨ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੇਖਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੋਣ ਦੇ ਨਾਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ/ਪਾਸਾਰ ਹਿਤ ਨਿਰੰਤਰ ਯਤਨਸ਼ੀਲ ਹੈ। ਡਾ. ਸਰਬਜੀਤ ਸਿੰਘ ਹੋਰਾਂ ਨੇ ਕਿਹਾ ਮੈਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਨੁਮਾਇੰਦਾ ਹੋਣ ਦੇ ਨਾਤੇ ਲੋਕ ਸਭਾ ਲਈ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਨੂੰ ਪੁੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਸਹੁੰ ਪੰਜਾਬੀ ਭਾਸ਼ਾ ’ਚ ਚੁੱਕਣ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨਿਕ ਇਜਲਾਸ ਦੌਰਾਨ ਅਸੰਬਲੀ ’ਚ ਪੇਸ਼ ਕਰਨ ਸਮੇਂ ਬਹਿਸ ’ਚ ਪੰਜਾਬੀ ਬੋਲਣ ਦੀ ਕਾਨੂੰਨੀ ਮਾਨਤਾ ਮਿਲਣ ’ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਬੰਧਕੀ ਬੋਰਡ ਅਤੇ ਸਮੂਹ ਮੈਂਬਰਾਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਸੂਬਾ ਸਰਕਾਰ ਵਲੋਂ ਅਸੰਬਲੀ ’ਚ ਪੰਜਾਬੀ ਬੋਲੀ ਨੂੰ ਵਿਧਾਨਿਕ ਤੌਰ ’ਤੇ ਬੋਲਣ ਦੀ ਮਿਲੀ ਮਾਨਤਾ ਪਿੱਛੇ ਲਹਿੰਦੇ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ, ਲੇਖਕਾਂ ਤੇ ਪੰਜਾਬੀ ਮਾਂ ਬੋਲੀ ਪਿਆਰਿਆਂ ਵਲੋਂ ਨਿਰੰਤਰ ਕੀਤੇ ਜਾ ਰਹੇ ਯੋਜਨਾਬੱਧ ਸੰਘਰਸ਼ ਦਾ ਹਾਂ ਪੱਖੀ ਨਤੀਜਾ ਹੈ। ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਦੇ ਸੰਘਰਸ਼ ਦੀ ਹੋਈ ਇਸ ਮਹਾਨ ਪ੍ਰਾਪਤੀ ਨਾਲ ਵਿਸ਼ਵ ਭਰ ’ਚ ਭਾਸ਼ਾਵਾਂ ਪੱਖੋਂ 9ਵੇਂ ਸਥਾਨ ’ਤੇ ਗਿਣੀ ਜਾ ਰਹੀ ਪੰਜਾਬੀ ਭਾਸ਼ਾ ਲਿਖਣ ਤੇ ਪੰਜਾਬੀ ਬੋਲੀ ’ਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਵਾਲੇ 15 ਕਰੋੜ ਦੇ ਕਰੀਬ ਪੰਜਾਬੀ ਮਾਂ ਬੋਲੀ ਪਿਆਰਿਆਂ ਨੂੰ ਜਿੱਥੇ ਸਕੂਨ, ਸੰਤੁਸ਼ਟੀ ਤੇ ਮਾਣ ਮਿਲਿਆ ਹੈ, ਉਥੇ ਵਿਸ਼ਵ ਭਰ ’ਚ ਪੰਜਾਬੀ ਮਾਂ ਬੋਲੀ ਦੀ ਭਾਸ਼ਾ ਦਾ ਕੱਦ ਵੀ ਹੋਰ ਉੱਚਾ ਹੋਇਆ ਹੈ। ਲਹਿੰਦੇ ਪੰਜਾਬ ਦੇ ਸੰਘਰਸ਼ਸ਼ੀਲ ਤੇ ਪ੍ਰਗਤੀਸ਼ੀਲ ਸਾਹਿਤਕ ਸੰਸਥਾਵਾਂ, ਸਾਹਿਤਕਾਰਾਂ ਤੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ ਵੀ ਇਸ ਸੰਘਰਸ਼ੀ ਮਾਣਮੱਤੀ ਪ੍ਰਾਪਤੀ ਲਈ ਵਧਾਈ ਦੇ ਹੱਕਦਾਰ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ’ਚ ਕੇਂਦਰੀ ਵਜ਼ਾਰਤ ’ਚ ਬਤੌਰ ਕੇਂਦਰੀ ਰਾਜ ਮੰਤਰੀ ਵਜੋਂ ਸ਼ਾਮਿਲ ਕੀਤੇ ਲੁਧਿਆਣਾ ਦੇ ਸਾਬਕਾ ਸੰਸਦ ਅਤੇ ਇਸ ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਕੇ ਪੱਛੜ ਗਏ ਸ. ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬੀ ’ਚ ਆਪਣੇ ਅਹੁਦੇ ਦੀ ਸਹੁੰ ਨਾ ਚੁੱਕ ਕੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖਿੱਤੇ ਦੇ ਅਤੇ ਮਨੁੱਖੀ ਵਿਕਾਸ ਲਈ ਮਾਂ ਬੋਲੀ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਕਿਸੇ ਸਿਆਸੀ ਆਗੂ, ਵਿਧਾਇਕ, ਸੰਸਥ ਮੈਂਬਰ ਜਾਂ ਨੌਕਰਸ਼ਾਹੀ ਵਲੋਂ ਆਪਣੀ ਮਾਂ ਬੋਲੀ ’ਚ ਆਪਣੇ ਵਿਚਾਰਾਂ ਜਾਂ ਸਰਕਾਰੀ ਕੰਮ ਕਾਜ ਦਾ ਸੰਚਾਰ ਆਪਣੇ ਸੂਬੇ/ਖਿੱਤੇ ਦੇ ਲੋਕਾਂ ਤੱਕ ਪਹੁੰਚਾਉਣਾ ਇਸੇ ਕਰਕੇ ਸੁਖਾਲਾ ਹੁੰਦਾ ਹੈ। ਕਿਉਕਿ ਉਸ ਸੂਬੇ ਦੇ ਲੋਕ ਆਪਣੀ ਮਾਂ ਬੋਲੀ ਦੀ ਜ਼ਬਾਨ ਬਾਖ਼ੂਬੀ ਸਮਝਦੇ ਹਨ। ਉਨ੍ਹਾਂ ਕੇਂਦਰੀ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੂੰ ਆਪਣੇ ਸੰਵਿਧਾਨਿਕ ਅਹੁਦੇ ਦੀ ਸਹੁੰ ਚੁੱਕਣ ਸਮੇਂ ਪੰਜਾਬੀ ਮਾਂ ਬੋਲੀ ਨੂੰ ਅਣਗੌਲੇ ਕੀਤੇ ਜਾਣ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਇਸ ਨੂੰ ਮੰਦਭਾਗਾ ਕਿਹਾ। ਉਨ੍ਹਾਂ ਕਿਹਾ ਕੇਂਦਰੀ ਵਜ਼ੀਰ ਕੋਲੋਂ ਸੂਬਾ ਵਾਸੀਆਂ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਵਿਕਾਸ ਦੀਆਂ ਬਹੁਤ ਉਮੀਦਾਂ ਹੁੰਦੀਆਂ ਹਨ, ਜਿਸ ’ਤੇ ਪਹਿਲੇ ਪੜਾਅ ਤੇ ਕੇਂਦਰੀ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੇ ਗ਼ੈਰ ਮਾਂ ਬੋਲੀ ’ਚ ਸਹੁੰ ਚੁੱਕ ਕੇ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਪੰਜਾਬੀ ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਇਤਿਹਾਸਕ ਫ਼ਰਜ ਜ਼ਰੂਰ ਨਿਭਾਉਣ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਮੋਬਾਈਲ : 70099-66188
Leave a Reply