ਮੋਹਨਜੀਤ ਦੀ ਸਿਰਜਣਾ ਵਿਸ਼ਵ ਸਾਹਿਤ ਦੇ ਹਾਣ ਦੀ ਹੈ : ਡਾ. ਸਵਰਾਜਬੀਰ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਹੋਰਾਂ ਦੀ ਯਾਦ ਨੂੰ ਸਮਰਪਿਤ ਨੈਸ਼ਨਲ ਸੈਮੀਨਾਰ ਮੋਹਨਜੀਤ: ਸ਼ਖ਼ਸੀਅਤ ਤੇ ਸਿਰਜਣਾ ਕਰਵਾਇਆ ਗਿਆ।
ਦੋ ਸੈਸ਼ਨਾਂ ਵਿੱਚ ਵੰਡੇ ਹੋਏ ਇਸ ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ ਅਤੇ ਇਸ ਵਿੱਚ ਮੁੱਖਸੁਰ ਭਾਸ਼ਣ ਪੰਜਾਬੀ ਸ਼ਾਇਰ, ਨਾਟਕਕਾਰ ਤੇ ਸੰਪਾਦਕ ਡਾ. ਸਵਰਾਜਬੀਰ ਹੋਰਾਂ ਨੇ ਦਿੱਤਾ। ਡਾ. ਸਵਰਾਜਬੀਰ ਨੇ ਆਪਣੇ ਮੁੱਖਸੁਰ ਭਾਸ਼ਣ ਵਿੱਚ ਡਾ. ਮੋਹਨਜੀਤ ਹੋਰਾਂ ਨਾਲ ਦਹਾਕਿਆਂ ਦੀ ਸਾਂਝ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰੇ ਲਈ ਡਾ. ਮੋਹਨਜੀਤ ਬਾਰੇ ਬੋਲਣਾ ਬਹੁਤ ਹੀ ਭਾਵੁਕ ਮਸਲਾ ਹੈ, ਪਰ ਡਾ. ਮੋਹਨਜੀਤ ਹੋਰਾਂ ਬਾਰੇ ਗੱਲ ਕਰਨੀ ਸਦੀ ਦੀ ਕਵਿਤਾ ਨਾਲ ਸੰਵਾਦ ਰਚਾਉਣ ਵਰਗਾ ਹੈ। ਡਾ. ਮੋਹਨਜੀਤ ਜਿਵੇਂ ਜਿਵੇਂ ਅੱਗੇ ਵਧਿਆ ਤਿਵੇਂ ਤਿਵੇਂ ਉਸਦੀ ਸ਼ਖਸ਼ੀਅਤ ਅਤੇ ਉਸਦੀ ਕਵਿਤਾ ਦੇ ਵੱਖ ਵੱਖ ਪਾਸਾਰ ਵੀ ਅੱਗੇ ਵਧੇ। ਇਸੇ ਲਈ ਪਾਠਕ ਨੂੰ ਹਰ ਕਿਤਾਬ ਵਿੱਚ ਵੱਖਰਾ ਡਾ. ਮੋਹਨਜੀਤ ਨਜ਼ਰ ਆਉਂਦਾ ਹੈ। ਉਸਦੇ ਰੇਖਾ ਚਿੱਤਰਾਂ ਦਾ ਰੰਗ ਕਵਿਤਾ ਦੇ ਹਵਾਲੇ ਨਾਲ ਇਨਾਂ ਵਿਲੱਖਣ ਹੈ ਕਿ ਉਹਨਾਂ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਦੇ ਵੱਡੇ ਸਾਹਿਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਵੇਲੇ ਪੰਜਾਬੀ ਕਵਿਤਾ ਦੇਹੀ ਨਾਦ ਵਿੱਚ ਉਲਝੀ ਹੋਈ ਸੀ, ਜਿਸ ਵੇਲੇ ਨਵਾਂ ਨਵਾਂ ਬਾਜ਼ਾਰ ਪੰਜਾਬੀ ਸ਼ਾਇਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ ਉਸ ਦੌਰ ਵਿੱਚ ਲੋਕ ਸਰੋਕਾਰਾਂ ਦੀ ਗੱਲ ਕਰਨਾ ਤੇ ਕਵਿਤਾ ਦੇ ਸੁਹਜ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਡਾ. ਮੋਹਨਜੀਤ ਹੋਰਾਂ ਨੇ ਬਾਖੂਬੀ ਨਿਭਾਇਆ। ਵਿਸ਼ੇਸ਼ ਤੌਰ ਤੇ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਨੇ ਉਹਲੇ ਵਿੱਚ ਉਜਿਆਰਾ ਕਾਵਿ ਸੰਗ੍ਰਹਿ ਦੇ ਹਵਾਲੇ ਨਾਲ ਉਹਨਾਂ ਦੀ ਕਵਿਤਾ ਦੇ ਵਿਭਿੰਨ ਪਹਿਲੂਆਂ ਤੇ ਚਰਚਾ ਕੀਤੀ।
ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਨੌਜਵਾਨ ਅਧਿਆਪਕ ਡਾ. ਯਾਦਵਿੰਦਰ ਸਿੰਘ ਨੇ ਡਾ. ਮੋਹਨਜੀਤ ਦੇ ਰੇਖਾ ਚਿੱਤਰਾਂ ਤੇ ਆਪਣਾ ਰਿਸਰਚ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਕਵਿਤਾ ਦੀ ਭਾਸ਼ਾ ਵਾਰਤਕ ਦੀ ਭਾਸ਼ਾ ਦੇ ਮੁਕਾਬਲੇ ਵਧੇਰੇ ਸੁਹਜਾਤਮਕ ਹੁੰਦੀ ਹੈ। ਉਹਨਾਂ ਕਿਹਾ ਕਿ ਵਾਰਤਕ ਕਿਸੇ ਬੰਦੇ ਦੀ ਬੰਦੇ ਦੇ ਵਿਅਕਤਿਤਵ ਨੂੰ ਹੋਰ ਤਰੀਕੇ ਨਾਲ ਫੜਦੀ ਹੈ ਅਤੇ ਕਵਿਤਾ ਬੰਦੇ ਦੇ ਵਿਅਕਤਿਤਵ ਨੂੰ ਹੋਰ ਜ਼ਾਵੀਏ ਤੋਂ ਪਰਿਭਾਸ਼ਿਤ ਕਰਦੀ ਹੈ।
ਇੱਕ ਹੋਰ ਨੌਜਵਾਨ ਆਲੋਚਕ ਡਾ. ਜਤਿੰਦਰ ਸਿੰਘ ਹੋਰਾਂ ਨੇ ਪੰਜਾਬੀ ਸ਼ਾਇਰੀ ਦੇ ਹਵਾਲਿਆਂ ਨਾਲ ਡਾ. ਮੋਹਨਜੀਤ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਰਿਸ਼ਤੇ ਨੂੰ ਕੇਂਦਰ ਵਿੱਚ ਰੱਖ ਕੇ ਅੰਮ੍ਰਿਤਸਰ ਦੀ ਵਿਲੱਖਣਤਾ ਤੇ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਡਾ. ਮੋਹਨਜੀਤ ਦੀ ਕਵਿਤਾ ਦੀ ਵਿਲੱਖਣਤਾ ਨੂੰ ਪੇਸ਼ ਕਰਦਿਆਂ ਇੱਕ ਨਵੇਂ ਨਜ਼ਰੀਏ ਤੋਂ ਇਸ ਵੱਡੇ ਸ਼ਾਇਰ ਦੀ ਸ਼ਖਸ਼ੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਸੈਸ਼ਨ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪਿਛਲੇ ਦਿਨਾਂ ਵਿੱਚ ਕਰਵਾਏ ਕੰਮਾਂ ਦੀ ਤਫਸੀਲ ਦਿੰਦਿਆਂ ਕਿਹਾ ਕਿ ਸ਼ਖ਼ਸੀਅਤ ਤੇ ਸਿਰਜਣਾ ਇੱਕ ਅਜਿਹੀ ਅਦਬੀ ਲੜੀ ਹੈ ਜਿਸ ਵਿੱਚ ਇਸ ਤੋਂ ਪਹਿਲਾਂ ਸੁਰਜੀਤ ਪਾਤਰ ਦੀ ਸ਼ਖਸ਼ੀਅਤ ਤੇ ਸਿਰਜਣਾ ਬਾਰੇ ਸਮਾਗਮ ਕਰਵਾਇਆ ਗਿਆ ਹੈ, ਹੁਣ ਇਹ ਸਮਾਗਮ ਡਾ. ਮੋਹਨਜੀਤ ਬਾਰੇ ਹੋ ਰਿਹਾ ਹੈ ਇਸ ਤੋਂ ਬਾਅਦ ਇਸੇ ਲੜੀ ਦੇ ਵਿੱਚ ਸੁਖਜੀਤ ਹੋਰਾਂ ਦੇ ਗਲਪ ਸੰਸਾਰ ਦੇ ਉੱਤੇ ਇਸੇ ਸਿਰਲੇਖ ਹੇਠ ਪ੍ਰੋਗਰਾਮ ਕਰਵਾਇਆ ਜਾਣਾ ਹੈ ਤੇ ਇਹ ਸਿਲਸਿਲਾ ਚੱਲਦਾ ਰਹੇਗਾ। ਅਕਾਡਮੀ ਮੈਂਬਰ ਨਰਿੰਦਰਪਾਲ ਕੌਰ ਨੇ ਡਾ. ਮੋਹਨਜੀਤ ਦੀ ਸ਼ਾਇਰੀ ਦਾ ਪਾਠਕ ਕੀਤਾ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਕਨਵੀਨਰ ਸਤਪਾਲ ਭੀਖੀ ਨੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੁਮੇਲ ਵਿੱਚੋਂ ਹੋ ਰਹੇ ਰਹੇ ਇਸ ਪ੍ਰੋਗਰਾਮ ਦੇ ਸੰਦਰਭਾਂ ਦੀ ਭੂਮਿਕਾ ਬੰਨਣ ਦੇ ਰੂਪ ਵਿਚ ਹੋਇਆ ਤੇ ਪਹਿਲੇ ਸੈਸ਼ਨ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਹੋਰਾਂ ਨੇ ਬਹੁਤ ਖੂਬਸੂਰਤੀ ਨਾਲ ਕੀਤਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਪੰਜਾਬੀ ਦੇ ਦੋ ਵੱਡੇ ਸ਼ਾਇਰਾਂ ਪ੍ਰੋ. ਸੁਰਜੀਤ ਜੱਜ ਅਤੇ ਤਰਸੇਮ ਨੇ ਕੀਤੀ। ਇਸ ਸੈਸ਼ਨ ਵਿੱਚ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਦੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਹੋਰਾਂ ਨੇ ਡਾ. ਮੋਹਨਜੀਤ ਦੀ ਲੰਮੀ ਕਵਿਤਾ ਲੀਲਾਵਤੀ ਦੇ ਮਿੱਥਕ ਸਰੋਕਾਰਾਂ ਉੱਪਰ ਚਰਚਾ ਕਰਦਿਆਂ ਕਿਹਾ ਕਿ ਡਾ. ਮੋਹਨਜੀਤ ਬਹੁਤ ਗਹਿਰਾਈ ਵਿੱਚ ਭਾਰਤੀ ਅਵਚੇਤਨ ਦੇ ਮਿੱਥ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਅੰਮ੍ਰਿਤਸਰ ਤੋਂ ਵਿਦਵਾਨ ਡਾ. ਮਨੀਸ਼ ਕੁਮਾਰ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਪਰਚਾ ਡਾ. ਕੁਲਦੀਪ ਸਿੰਘ ਦੀਪ ਵੱਲੋਂ ਪੇਸ਼ ਕੀਤਾ ਗਿਆ. ਡਾ. ਕੁਲਦੀਪ ਸਿੰਘ ਦੀਪ ਨੇ ਮੋਹਨਜੀਤ ਦੀ ਇੱਕ ਹੋਰ ਲੰਮੀ ਕਵਿਤਾ ਕੋਣੇ ਦਾ ਸੂਰਜ ਜਿਸ ਉੱਪਰ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ, ਉਸ ਬਾਰੇ ਗੱਲਬਾਤ ਕਰਦਿਆਂ ਉਸ ਕਵਿਤਾ ਦੀ ਪਹਿਲੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦਾ ਬਾਹਰੋਂ ਦਿਸਦਾ ਰੂਪ, ਦੂਜੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦੇ ਪਿੱਛੇ ਕੰਮ ਕਰਦੀਆਂ ਦੋ ਮਿਥਾਂ ਪਰ ਤੀਜੀ ਗਹਿਨ ਪੜਤ ਦੇ ਰੂਪ ਦੇ ਵਿੱਚ ਉਹਨਾਂ ਮਿੱਥਾਂ ਦੇ ਪਿੱਛੇ ਕੰਮ ਕਰਦੀਆਂ ਦੋ ਹੋਰ ਮਿਥਾਂ ਜਿਨਾਂ ਦਾ ਸੰਬੰਧ ਉਸ ਦੌਰ ਦੇ ਸ਼ਿਲਪੀਆਂ ਨਾਲ ਹੈ, ਨੂੰ ਸਾਹਮਣੇ ਲਿਆਂਦਾ ਅਤੇ ਇਹ ਬਿਰਤਾਂਤ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਰਾਜ ਸੱਤਾ ਆਪਣੇ ਪ੍ਰਵਚਨ ਦੇ ਅਧੀਨ ਮਨੁੱਖ ਦੀਆਂ ਪ੍ਰਕਿਰਤਿਕ ਇੱਛਾਵਾਂ ਤੇ ਕਿਰਤੀਆਂ ਦੇ ਅਹਿਸਾਸਾਂ ਦਾ ਦਮਨ ਕਰਦੀ ਹੈ ਜਿਸ ਵਿੱਚੋਂ ਸ਼ਿਲਪੀ ਰਾਣਾ ਵਿਸ਼ਣੂ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੇਟੇ ਧਮਪਦ ਦਾ ਮਾਰਮਿਕ ਪ੍ਰਸੰਗ ਸਾਹਮਣੇ ਆਉਂਦਾ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਤੇ ਵੱਡੇ ਸ਼ਾਇਰ ਪ੍ਰੋ. ਸੁਰਜੀਤ ਜੱਜ ਹੋਰਾਂ ਨੇ ਡਾ. ਡਾ. ਮੋਹਨਜੀਤ ਦੀ ਕਵਿਤਾ ਬਰਬਰੀਕ ਦੇ ਹਵਾਲੇ ਨਾਲ ਉਹਨਾਂ ਦੀ ਤੁਲਨਾ ਮਹਾਂਭਾਰਤ ਦੇ ਕਿਰਦਾਰ ਬਰਬਰੀਕ ਨਾਲ ਕੀਤੀ ਤੇ ਕਿਹਾ ਕਿ ਜੇਕਰ ਸੱਤਾ ਤੇਗ ਤੇ ਤ੍ਰਿਸ਼ੂਲ ਨਾਲ ਆਪਣੀ ਭੂਮਿਕਾ ਨਿਭਾਵੇਗੀ ਤਾਂ ਸ਼ਾਇਰ ਫੁੱਲ ਤੇ ਪੱਤੇ ਨਾਲ ਉਹਦਾ ਬਦਲ ਬਣੇਗਾ। ਸ਼ਾਇਰ ਅਮਰਜੀਤ ਕਸਕ ਤੇ ਬਲਵਿੰਦਰ ਸੰਧੂ ਨੇ ਡਾ. ਮੋਹਨਜੀਤ ਬਾਰੇ ਆਪਣੇ ਰੇਖਾ ਚਿੱਤਰ ਪੇਸ਼ ਕੀਤੇ। ਉੱਘੇ ਵਿਦਵਾਨ ਡਾ. ਸੁਰਜੀਤ ਭੱਟੀ ਨੇ ਪੰਜਾਬੀ ਅਵਚੇਤਨ ਵਿੱਚ ਮਿੱਥ ਦੇ ਸਰੋਕਾਰਾਂ ਤੇ ਮਿੱਥ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਤੇ ਲਕਸ਼ਮੀ ਨਰਾਇਣ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਦੇ ਕੁਝ ਪਸਾਰਾਂ ਦੀ ਬੇਬਾਕੀ ਨੂੰ ਸਲਾਹਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਉਪ ਪ੍ਰਧਾਨ ਡਾ.ਪਾਲ ਕੌਰ ਅਤੇ ਤਰਸੇਮ ਨੇ ਡਾ. ਮੋਹਨਜੀਤ ਨਾਲ ਆਪਣੀਆਂ ਸਾਂਝਾਂ ਦਾ ਜ਼ਿਕਰ ਕੀਤਾ। ਡਾ. ਪਾਲ ਕੌਰ ਨੇ ਕਿਹਾ ਕਿ ਵੱਡੇ ਬੰਦੇ ਕੁਝ ਪਲਾਂ ਵਿੱਚ ਕਿਸੇ ਮਨੁੱਖ ਦੇ ਵਿਅਕਤਿਤਵ ਨੂੰ ਕਿਵੇਂ ਸਮਝ ਲੈਂਦੇ ਨੇ ਤੇ ਕਿਵੇਂ ਪੇਸ਼ ਕਰ ਦਿੰਦੇ ਹਨ, ਇਹ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਰਾਹੀਂ ਸਿੱਖਿਆ ਜਾ ਸਕਦਾ ਹੈ।
ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਜ਼ਫ਼ਰ ਹੁਰਾਂ ਨੇ ਡਾ. ਮੋਹਨਜੀਤ ਨਾਲ ਆਪਣੇ ਨਿੱਜੀ ਰਿਸ਼ਤਿਆਂ ਤੇ ਇਹਨਾਂ ਰਿਸ਼ਤਿਆਂ ਵਿੱਚੋਂ ਪੈਦਾ ਹੋਏ ਰਹੱਸਾਂ ਤੇ ਫੋਕਸ ਕਰਦੇ ਹੋਏ ਕਿ ਡਾ. ਮੋਹਨਜੀਤ ਦੀ ਸ਼ਖਸ਼ੀਅਤ ਤੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਆਪਣੇ ਤੋਂ ਛੋਟਿਆਂ ਨੂੰ ਆਪਣੇ ਬਰਾਬਰ ਦਾ ਕਿਵੇਂ ਕਰਨਾ ਹੈ। ਉਹਨਾਂ ਕਿਹਾ ਕਿ ਡਾ. ਮੋਹਨਜੀਤ ਵਰਗੇ ਲੋਕ ਪੰਜਾਬੀ ਅਦਬ ਦਾ ਤੇ ਸਮੁੱਚੇ ਤੌਰ ਤੇ ਭਾਰਤੀ ਅਦਬ ਦਾ ਵੱਡਾ ਹਾਸਲ ਹਨ।
ਇਸ ਸੈਸ਼ਨ ਦਾ ਸੰਚਾਲਨ ਸਤਪਾਲ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੀ ਕਵਿਤਾ ਦੇ ਵਿਭਿੰਨ ਹਵਾਲਿਆ ਨਾਲ਼ ਬਾਖ਼ੂਬੀ ਕੀਤਾ। ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੁਖੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਪਾਲ ਕੌਰ, ਬਲਵਿੰਦਰ ਭੱਟੀ, ਜਗਪਾਲ ਚਹਿਲ, ਵਾਹਿਦ , ਦੀਪਕ ਧਲੇਵਾਂ, ਪ੍ਰੀਤ ਮੁਹਿੰਦਰ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ ਜਸਵੀਰ ਝੱਜ, ਸੁਰਿੰਦਰ ਕੈਲੇ, ਏ. ਆਈ. ਜੀ. ਬਲਵਿੰਦਰ ਸਿੰਘ ਭੀਖੀ, ਮੀਤ ਅਨਮੋਲ ਅਤੇ ਕੁਲਵੰਤ ਸਿੰਘ ਨਾਰੀਕੇ ਹੋਰ ਅਹੁਦੇਦਾਰਾਂ ਨੇ ਮੋਹਨਜੀਤ ਦੀ ਹਮਸਫ਼ਰ ਸ੍ਰੀਮਤੀ ਕੁਲਦੀਪ ਕੌਰ ਦਾ ਸਾਲ ਪਹਿਨਾ ਕੇ ਸਨਮਾਨ ਕੀਤਾ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
Leave a Reply