ਲੁਧਿਆਣਾ : 19 ਦਸੰਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ
ਸਮੂਹ ਮੈਂਬਰਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ
ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ’ਤੇ ਮੁਬਾਰਕਬਾਦ ਦਿੱਤੀ ਗਈ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਡਾ. ਪਾਲ ਕੌਰ ਨੂੰ ਵਧਾਈ
ਦਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ
ਡਾ. ਪਾਲ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਸ ਨਾਲ ਅਕਾਡਮੀ ਦੇ ਮਾਣ ’ਚ
ਹੋਰ ਵੀ ਵਾਧਾ ਹੋਇਆ ਹੈ। ਡਾ. ਪਾਲ ਕੌਰ ਪ੍ਰਬੁੱਧ ਅਤੇ ਜ਼ਹੀਨ ਸ਼ਾਇਰਾ ਹੈ। ਉਨ੍ਹਾਂ ਦੀ
ਸ਼ਾਇਰੀ ਦਾ ਸਫ਼ਰ 1986 ਵਿੱਚ ‘ਖਲਾਅਵਾਸੀ’ ਕਿਤਾਬ ਤੋਂ ਸ਼ੁਰੂ ਹੁੰਦਾ ਹੁਣ ਤੱਕ ਦੇ
ਸਫ਼ਿਆਂ ਤੇ ਫੈਲਿਆ ਹੋਇਆ ਹੈ। ਡਾ. ਪਾਲ ਕੌਰ ਨੇ ਨਾਰੀ ਮਨ ਦੀਆਂ ਸੂਖ਼ਮ ਪਰਤਾਂ ਨੂੰ
ਸੰਵੇਦਨਸ਼ੀਲਤਾ ਅਤੇ ਸੰਤੁਲਨਤਾ ਨਾਲ ਆਪਣੀ ਕਵਿਤਾ ਵਿੱਚ ਅਭਿਵਿਅਕਤ ਕੀਤਾ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਡਾ. ਪਾਲ ਕੌਰ ਨੂੰ ਵਧਾਈ
ਦਿੰਦਿਆਂ ਦਸਿਆ ਕਿ ਡਾ. ਪਾਲ ਕੌਰ ਨੇ ‘ਖਲਾਅਵਾਸੀ’ ਤੋਂ ਬਾਅਦ ‘ਹੁਣ ਨਹੀਂ ਮਰਦੀ
ਨਿਰਮਲਾ’ ਤੱਕ ਪੰਜਾਬੀ ਕਵਿਤਾ ਦੀ ਝੋਲੀ ਵਿਚ ਨੌਂ ਪੁਸਤਕਾਂ ਦੀ ਰਚਨਾ ਕਰਕੇ ਸਾਹਿਤ
ਦੇ ਖੇਤਰ ’ਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’
ਉਸਦੀ ਕਾਵਿ- ਪੁਸਤਕ ਹੈ ਜਿਸ ਵਿਚ ਲੇਖਿਕਾ ਨੇ ਪੰਜਾਬ ਦੇ ਇਤਿਹਾਸ ਨੂੰ ਕਾਵਿਕ-ਰੂਪ
ਵਿਚ ਚਿਤਰਣ ਦਾ ਵੱਡਾ ਕਦਮ ਚੁੱਕਿਆ ਹੈ। ਲੰਬੀ ਕਵਿਤਾ ਦੇ ਰੂਪ ਵਿੱਚ ਰਚਿਆ ਪੰਜਾਬ ਦਾ
ਇਹ ਇਤਿਹਾਸ ਤੱਥਾਂ ਤਿਥੀਆਂ ਜਾਂ ਸਿਰਫ਼ ਨਾਵਾਂ ਥਾਵਾਂ ਤੇ ਹੀ ਅਧਾਰਿਤ ਹੀ ਨਹੀਂ ਸਗੋਂ
ਇਹ ਇਤਿਹਾਸਕਾਰੀ ਅਨੇਕ ਅਰਥਾਂ ਵਿਚ ਨਵੇਂ ਆਯਾਮ ਸਿਰਜਦੀ ਹੈ। ਪੰਜਾਬ ਦੀ ਸਮੁੱਚੀ ਨਾਥ
ਪਰੰਪਰਾ, ਭਗਤੀ, ਸੂਫ਼ੀ ਅਤੇ ਗੁਰਮਤਿ ਪਰੰਪਰਾ ਵਿਚਲੇ ਬੁੱਧ ਪੁਰਖਾਂ ਨੂੰ ਸੰਬੋਧਿਤ
ਹੁੰਦੀ ਸ਼ਾਇਰਾ ਆਪਣੀ ਇਸੇ ਵਿਰਾਸਤ ਵਿੱਚੋਂ ਆਪਣੇ ਚਿੰਤਨ ਦਾ ਕਾਵਿ- ਵਿਸਤਾਰ ਪ੍ਰਾਪਤ
ਕਰਦੀ ਹੈ। ਆਪਣੀ ਇਸ ਇਤਿਹਾਸਕਾਰੀ ਲਈ ਲੇਖਕਾ ਇਸ ਪੁਸਤਕ ਦੀ, ਕਾਲ-ਵੰਡ ਵੀ ਪਰੰਪਰਕ
ਰੂਪ ਵਿੱਚ ਨਹੀਂ ਕਰਦੀ ਸਗੋਂ ਉਹ ਆਦਿ ਲੋਕ, ਮਿੱਥ ਮਿਥਾਂਤਰ ਰਾਹੀਂ ਬਰਫ਼-ਯੁੱਗ ਵਿੱਚ
ਜਲ ਪਰਲੈ ਵਿਚੋਂ ਉਭਰੀ ਸਿ੍ਰਸ਼ਟੀ ਤੋਂ ਆਪਣੇ ਇਸ ਕਾਵਿ ਦੀ ਉਸਾਰੀ ਸ਼ੁਰੂ ਕਰਦੀ ਪੰਜਾਬ
ਦੀਆਂ ਇਤਿਹਾਸਕ/ਮਿਥਿਹਾਸਕ ਮਿੱਥਾਂ/ਦਿ੍ਰਸ਼ਟੀਆਂ ਵਿੱਚੋਂ ਆਪਣਾ ਰਾਹ ਤਲਾਸ਼ਦੀ, ਵੇਦਾਂ
ਪੌਰਾਣਾਂ ਵਿੱਚੋਂ ਲੰਘਦੀ ਪੰਜਾਬ ਦੇ ਇਤਿਹਾਸ ਦੀ ਤਸਵੀਰਕਸ਼ੀ ਦੇ ਰਾਹ ਤੇ ਪੈਂਦੀ ਹੈ।
ਤਿੱਥਾਂ ਤੱਥਾਂ ਤੋਂ ਵਧੇਰੇ ਉਹ ਆਪਣੀ ਦਾਰਸ਼ਨਿਕ ਪਹੁੰਚ ਅਤੇ ਕਾਲਪਨਿਕ ਸ਼ਕਤੀ ਦੇ
ਪ੍ਰਯੋਗ ਤੇ ਵਧੇਰੇ ਯਕੀਨ ਕਰਦੀ ਵਾਦੀ-ਸੰਵਾਦੀ ਵਿਧੀ ਦੀ ਵਰਤੋਂ ਰਾਹੀਂ ਯੋਗੀਆਂ
ਨਾਥਾਂ, ਪੀਰਾਂ, ਕਾਦਰੀਆਂ, ਸੂਫੀ ਫਕੀਰਾਂ, ਕਿੱਸਿਆਂ ਦੇ ਰਾਹ ਤੁਰਦੀ ਗੁਰੂ-ਕਾਲ ਦੇ
ਇਤਿਹਾਸ ਵਿੱਚ ਦਾਖਲ ਹੁੰਦੀ ਹੈ। ਇਸ ਤੋਂ ਬਾਅਦ ਮੁਗਲ ਕਾਲ ਦੌਰਾਨ ਗੁਰੂਆਂ ਤੋਂ ਲੈ ਕੇ
ਬੰਦਾ ਬਹਾਦਰ ਤੱਕ ਵਾਪਰਦੇ ਤਿੱਖੇ ਸਿੱਖ ਸੰਘਰਸ਼ ਨੂੰ ਵੀ ਆਪਣੇ ਇਸ ਕਾਵਿ ਦੇ ਵਸਤੂ
ਵਜੋਂ ਪੇਸ਼ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੇ ਆ ਕੇ ਲੇਖਿਕਾ ਇਸ ਕਾਵਿ ਨੂੰ
ਵਿਰਾਮ ਦਿੰਦੀ ਹੈ। ਇਸ ਲੰਬੇ ਇਤਿਹਾਸ ਦੀ ਸਿਰਜਣਾ ਵੇਲੇ ਉਸ ਦੀ ਵਸਤੂ ਪਹੁੰਚ ਤਾਂ
ਵੇਖਣ ਯੋਗ ਹੈ ਹੀ ਪਰ ਜਿਸ ਤਰਾਂ ਦੇ ਵੱਖੋ ਵੱਖ ਛੰਦ, ਬਿੰਬ, ਪ੍ਰਤੀਕ, ਕਾਲਪਨਿਕ
ਛੋਹਾਂ ਨਾਲ ਉਹ ਇਸ ਸਮੁੱਚੇ ਕਾਵਿ ਨੂੰ ਉਸਾਰਦੀ ਹੈ, ਉਹ ਨਾ ਕੇਵਲ ਪ੍ਰਸ਼ੰਸਾਯੋਗ ਹੈ
ਬਲਕਿ ਉਹ ਡਾ. ਪਾਲ ਕੌਰ ਦੀ ਕਾਵਿ-ਪ੍ਰਤਿਭਾ ਦਾ ਵੀ ਲਖਾਇਕ ਬਣਦਾ ਹੈ।
ਡਾ. ਪਾਲ ਕੌਰ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ.
ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ,
ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਸੁਰਿੰਦਰ
ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ.
ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ
ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ
(ਸਤਿਨਾਮ ਸਿੰਘ), ਡਾ. ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ,
ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ.
ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
Leave a Reply