ਲੁਧਿਆਣਾ : 25 ਜੁਲਾਈ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅਮਰੀਕਾ ਤੋਂ ਆਏ ਪ੍ਰਸਿੱਧ ਵਿਦਵਾਨ ਲੇਖਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਹੋਰਾਂ ਨਾਲ ਰੂ-ਬ-ਰੂ ਸਮਾਗਮ ਆਯੋਜਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕੀਤੀ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਧੀਵਤ ਤਰੀਕੇ ਨਾਲ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਜੀ ਆਇਆਂ ਨੂੰ ਕਹਿੰਦਿਆਂ ਪਹੁੰਚੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ।
ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ਜ਼ਿਕਸ ਵਿਚ ਪੀ.ਐੱਚ.ਡੀ ਡਾ. ਗੁਰਬਖ਼ਸ਼ ਸਿੰਘ ਭੰਡਾਲ ਕਈ ਪੁਸਤਕਾਂ ਦੇ ਰਚੇਤਾ ਹਨ। ਉਨ੍ਹਾਂ ਕਿਹਾ ਡਾ. ਭੰਡਾਲ ਬਹੁਮੁੱਖੀ ਅਤੇ ਕਰਮਸ਼ੀਲ ਸ਼ਖਸੀਅਤ ਦੇ ਮਾਲਕ ਹਨ। ਉਨ੍ਹਾਂ ਕਵਿਤਾਵਾਂ, ਸਫ਼ਰਨਾਮੇ ਸਮੇਤ ਵਾਰਤਕ ਦੀਆਂ 25-26 ਪੁਸਤਕਾਂ ਲਿਖੀਆਂ ਅਤੇ ਇਨਾਂ ਦੀਆਂ ਰਚਨਾਵਾਂ ਮੈਗਜੀਨਾਂ ਅਤੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਅਮਰੀਕਾ ਵਿਚ ਰਹਿੰਦਿਆਂ ਵੀ ਪੰਜਾਬ ਅਤੇ ਪਿੰਡ ਭੰਡਾਲ ਇਨਾਂ ਦੇ ਹਿਰਦੇ ਵਿਚ ਹਮੇਸ਼ਾਂ ਰਹਿੰਦਾ ਹੈ। ਇਹ ਸੁਪਨਸਾਜ ਅਤੇ ਸੰਵੇਦਨਸ਼ੀਲ ਹਨ। ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਪ੍ਰਵਾਸੀ ਪੁਰਸਕਾਰ ਵੀ ਮਿਲਿਆ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਆਪਣੇ ਜੀਵਨ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਉਹ ਕਿਹਾ ਮੈਂ ਭਾਵੇਂ ਅਮਰੀਕਾ ਰਹਿੰਦਾ ਹਾਂ ਪਰ ਮੇਰੀ ਰੂਹ ਮੇਰੇ ਪਿੰਡ ਵਿਚ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਇੰਸ ਦਾ ਵਿਦਿਆਰਥੀ ਹਾਂ ਅਤੇ ਫਿਜਿਕਸ਼ ਵਿੱਚ ਪੀਐਚ.ਡੀ ਕੀਤੀ। ਮੈਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ 40 ਸਾਲ ਲੱਗੇ। ਮਾਂ ਦੀਆਂ ਅਸੀਸਾਂ ਲੈ ਕੇ ਕੈਨੇਡਾ ਗਿਆ। ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਾਲਜ ਪੜ੍ਹਦਿਆਂ ਹੀ ਸ਼ੁਰੂ ਹੋ ਗਿਆ। 1985 ਵਿੱਚ ਪਹਿਲੀ ਕਵਿਤਾ ਜਨ ਸਾਹਿਤ ਵਿੱਚ ਛਪੀ। ‘ਸ਼ਬਦ’ ਦੀ ਤਾਕਤ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਪਿ੍ਰੰ. ਰਣਜੀਤ ਕੌਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਸ ਦੀ ਜ਼ਿੰਦਗੀ ਵਿੱਚ ਤਬਦੀਲੀ ਆਈ। ਸ਼ਬਦਾਂ ਦਾ ਇਸ ਤੋਂ ਵੱਡਾ ਸਨਮਾਨ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਕਵਿਤਾ, ਕਵਿਤਾ ਨਾਲ ਇਕਮਿਕ ਹੋ ਕੇ ਹੀ ਲਿਖੀ ਜਾ ਸਕਦੀ ਹੈ ਅਤੇ ਕਵਿਤਾ ਵਿੱਚ ਅਹਿਸਾਸ ਬਹੁਤ ਭਾਰੀ ਹੁੰਦੇ ਹਨ ਜੋ ਆਪਣੇ ਅੰਦਰ ਵਾਪਰਦਾ ਹੈ ਉਸ ਨੂੰ ਕਵਿਤਾ ਦਾ ਰੂਪ ਦਿੰਦਾ ਹਾਂ। ਰੂਬਰੂ ਦੌਰਾਨ ਉਨਾਂ ਨੇ ਆਪਣੀਆਂ ਦਰਜਨ ਦੇ ਕਰੀਬ ਛੋਟੀਆਂ ਛੋਟੀਆਂ ਪਰ ਭਾਵਪੂਰਤ ਕਵਿਤਾਵਾਂ ਸੁਣਾਈਆਂ। ਖਾਸ ਤੌਰ ਤੇ ਗਾਜਾ ਪੱਟੀ ਤੇ ਇਜਰਾਇਲ ਵਲੋਂ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਬਾਰੇ ਭਾਵੁਕ ਕਵਿਤਾ ਵੀ ਸੁਣਾਈ।
ਉਪਰੰਤ ਸੁਆਲ ਜਵਾਬ ਸੈਸ਼ਨ ਵਿੱਚ ਭਾਗ ਲੈਂਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਸਾਹਿਤਕਾਰ ਕਵਿਤਾ ਨੂੰ ਕਮਾਉਂਦਾ ਹੈ ਇਹ ਨਾਜਲ ਨਹੀਂ ਹੁੰਦੀ। ਉਨ੍ਹਾਂ ਤਿੰਨ ਤਿੱਖੇ ਪ੍ਰਸ਼ਨ ਕੀਤੇ। ਉਨਾਂ ਨੇ ਡਾ. ਭੰਡਾਲ ਦੁਆਰਾ ਵਿਰਸੇ ਨਾਲ ਜੁੜੀਆਂ ਕਵਿਤਾਵਾਂ ਸੁਣਾਉਣ ਦੀ ਸ਼ਲਾਘਾ ਕੀਤੀ । ਸ੍ਰੀ ਸਤੀਸ਼ ਗੁਲਾਟੀ ਨੇ ਡਾ. ਭੰਡਾਲ ਦੀ ਵਾਰਤਕ ਤੇ ਪਕੜ ਦੀ ਪ੍ਰਸੰਸਾ ਕੀਤੀ। ਡਾ. ਗੁਰਇਕਬਾਲ ਸਿੰਘ ਦੇ ਸੁਆਲ ਦਾ ਜਵਾਬ ਦਿੰਦਿਆਂ ਡਾ.ਭੰਡਾਲ ਨੇ ਕਿਹਾ ਕਿ ਟਰੰਪ ਵਲੋਂ ਜੰਗ ਬਾਰੇ ਨੀਤੀ ਨਾਲ ਅਮਰੀਕਾ ਦੇ 70% ਤੋਂ ਵੱਧ ਅਮਰੀਕੀ ਸਹਿਮਤ ਨਹੀਂ। ਸਰਦਾਰ ਗੁਰਪ੍ਰੀਤ ਸਿੰਘ ਤੂਰ ਦੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਮੈਂ ਕਵਿਤਾ ਮਿਥ ਕੇ ਨਹੀਂ ਲਿਖਦਾ ਜਦੋਂ ਅੰਦਰ ਕਿਸੇ ਵਿਸ਼ੇ ਬਾਰੇ ਵਲਵਲੇ ਉਠਦੇ ਹਨ ਅਤੇ ਤਾਂ ਉਨਾਂ ਨੂੰ ਕਵਿਤਾ ਦਾ ਰੂਪ ਦਿੰਦਾ ਹਾਂ। ਆਪਣੇ ਅੰਦਰ ਦੀ ਯਾਤਰਾ ਨੂੰ ਪ੍ਰਗਟ ਕਰਨ ਲਈ ਅਧਿਆਤਮਵਾਦ ਤੇ ਵੀ ਕਵਿਤਾਵਾਂ ਲਿਖੀਆਂ ਹਨ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ। ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਇਨਾਂ ਨੇ ਕਵਿਤਾ ਬਾਰੇ ਹੀ ਬੋਲਿਆ ਅਤੇ ਆਪਣੇ ਸਫਰਨਾਮੇ ਅਤੇ ਸਾਇੰਸ ਬਾਰੇ ਘੱਟ ਜਿਕਰ ਕੀਤਾ। ਉਨ੍ਹਾਂ ਕਿਹਾ ਡਾ. ਭੰਡਾਲ ਹੋਰਾਂ ਦੀੇ ਫਿਜਿਕਸ਼ ਦੇ ਪ੍ਰੋਫੈਸਰ ਦੇ ਤੌਰ ਤੇ ਵੱਖਰੀ ਪਹਿਚਾਣ ਹੈ। ਉਹ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਹਨ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸਿੰਘ ਸੋਹੀ, ਗੁਰਪ੍ਰੀਤ ਸਿੰਘ ਤੂਰ, ਮਲਕੀਤ ਸਿੰਘ ਦਾਖਾ, ਕੇ. ਕੇ. ਬਾਵਾ, ਗੁਰਦੇਵ ਸਿੰਘ ਲਾਪਰਾਂ, ਡਾ. ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ ਕੌਰ, ਪਰਮਜੀਤ ਕੌਰ ਮਹਿਕ, ਹਰਵਿੰਦਰ ਸਿੰਘ ਥਰੀਕੇ, ਤਰਲੋਚਨ ਝਾਂਡੇ, ਦਰਸ਼ਨ ਸਿੰਘ ਢੋਲਣ, ਭੁਪਿੰਦਰ ਸਿੰਘ ਚੌਂਕੀਮਾਨ, ਰਾਜਦੀਪ ਤੂਰ, ਗੁਰਦੀਪ ਸਿੰਘ, ਨੇਤਰ ਸਿੰਘ ਮੁੱਤੋ, ਅਮਰਜੀਤ ਸ਼ੇਰਪੁਰੀ, ਕੁਲਵਿੰਦਰ ਕਿਰਨ, ਪਰਮਜੀਤ ਸਿੰਘ ਗਰੇਵਾਲ, ਹਰਭਜਨ ਸਿੰਘ ਭਗਰੱਥ, ਦਵਿੰਦਰ ਕੌਰ ਸੈਣੀ, ਅਜੀਤ ਸਿੰਘ, ਜਗਪਾਲ ਜੱਗਾ, ਅਰਸ਼ਪ੍ਰੀਤ ਸਿੰਘ, ਇੰਜ. ਕੇਵਲ ਸਿੰਘ, ਮਨਦੀਪ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ


Leave a Reply