ਲੁਧਿਆਣਾ : 01 ਅਕਤੂਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਅਤੇ ਸਮੂਹ ਮੈਂਬਰਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਏ ਦੀ ਪੁਰਜ਼ੋਰ ਨਿੰਦਾ ਕੀਤੀ। ਵੱਖ ਵੱਖ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਪ੍ਰਬੰਧਕੀ ਸਕੱਤਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਪਰੋਕਤ ਦੋਸ਼ ਨਿਰਮੂਲ ਹੈ। ਪਹਿਲਾਂ ਵੀ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਰਵੱਈਆ ਸਲਾਹੋਣਯੋਗ ਨਹੀਂ ਰਿਹਾ ਹੈ। ਕੁਝ ਸਮਾਂ ਪਹਿਲਾਂ ਵੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਭਾਸ਼ਾ ਵਿਭਾਗ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨਿੰਦਨਯੋਗ ਰਵੱਈਏ ਪ੍ਰਤੀ ਬਿਆਨ ਜਾਰੀ ਕੀਤਾ ਗਿਆ ਸੀ। ਹੁਣ ਨੋਟਿਸ ਜਾਰੀ ਕਰਨ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਦੀ ਪੰਜਾਬੀ ਵਿਰੋਧੀ ਨੌਕਰਸ਼ਾਹੀ ਆਪਣਾ ਰਵੱਈਆ ਬਦਲਣ ਦੀ ਥਾਂ ਹੋਰ ਸਖਤ ਕਰ ਰਹੀ ਹੈ। ਜਦੋਂ ਕਿ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਇਕ ਉੱਘੇ ਲੇਖਕ, ਸ਼ਾਇਰ ਅਤੇ ਮਾਤ ਭਾਸ਼ਾ ਲਈ ਮਨੋ-ਤਨੋ ਕਾਰਜਸ਼ੀਲ ਰਹਿਣ ਵਾਲੀ ਸ਼ਖ਼ਸੀਅਤ ਹਨ।
ਸੋ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਪੰਜਾਬੀ ਵਿਰੋਧੀ ਪਹੁੰਚ ਵਾਲੀ ਨੌਕਰਸ਼ਾਹੀ ਨੂੰ ਕਾਬੂ ਵਿਚ ਰੱਖ ਕੇ ਲੋਕਪੱਖੀ ਪਹੁੰਚ ਅਪਣਾਵੇ ਨਹੀਂ ਤਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਸਮੇਤ ਸਮੁੱਚੀਆਂ ਸਾਹਿਤਕ ਜੱਥੇਬੰਦੀਆਂ ਅਤੇ ਪੰਜਾਬੀ ਭਾਸ਼ਾ ਸੰਬੰਧੀ ਜੱਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਨਿੰਦਾ ਕਰਨ ਵਾਲਿਆਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਵਰਿਆਮ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਸ੍ਰੀ ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਸ੍ਰੀਮਤੀ ਸੁਰਿੰਦਰ ਨੀਰ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਹਰਵਿੰਦਰ ਸਿੰਘ ਸਿਰਸਾ, ਡਾ. ਅੰਮੀਆਂ ਕੁੰਵਰ, ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਡਾ. ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਪਿ੍ਰੰ. ਨਵਤੇਜ ਗੜ੍ਹਦੀਵਾਲਾ, ਰਜਿੰਦਰ ਸਿੰਘ ਰਾਜਨ, ਮੱਖਣ ਮਾਨ, ਰੋਜ਼ੀ ਸਿੰਘ ਸ਼ਾਮਿਲ ਹਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਆ ਨਿੰਦਨਯੋਗ
by
Tags:

Leave a Reply