ਲੁਧਿਆਣਾ : 22 ਨਵੰਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਤੀਸਰਾ ਸਾਲਾਨਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ 2026 ਪੰਜਾਬੀ ਭਵਨ, ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ ਕਰਵਾਏ ਜਾ ਰਹੇ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਦੂਜਾ ਦਿਨ ਨਾਰੀ ਆਵਾਜ਼ ਨੂੰ ਸਮਰਪਿਤ ਰਿਹਾ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ, ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਕਨਵੀਨਰ ਡਾ. ਪਾਲ ਕੌਰ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਅੱਜ ਦੇ ਸੈਸ਼ਨ ਦਾ ਆਗ਼ਾਜ਼ ਕੀਤਾ।
22 ਨਵੰਬਰ, 2026 ਨੂੰ ‘‘ਨਵੀਂ ਪੀੜ੍ਹੀ ਦੀਆਂ ਕੁੜੀਆਂ ਦਾ ਪਿਤਰ ਸੱਤਾ ਨਾਲ ਦਸਤ ਪੰਜਾ’’ ਵਿਸ਼ੇ ’ਤੇ ਵਿਚਾਰ ਚਰਚਾ ਹੋਈ ਜਿਸ ਵਿਚ ਡਾ. ਕੰਵਲਜੀਤ ਢਿੱਲੋਂ, ਦਵੀ ਦਵਿੰਦਰ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਕੁਲਦੀਪ ਕੌਰ ਸ਼ਾਮਲ ਹੋਏ। ਡਾ. ਕੰਵਲਜੀਤ ਢਿੱਲੋਂ ਨੇ ਕਿਹਾ ਜਦੋਂ ਤੱਕ ਔਰਤ ਦਾ ਬਿੰਬ ਰਸੋਈ ਦੇ ਬਿੰਬ ਨਾਲ ਜੋੜ ਕੇ ਵੇਖਿਆ ਜਾਵੇਗਾ ਉਦੋਂ ਤੱਕ ਔਰਤ ਦੇ ਇਨਸਾਨੀ ਰੁਤਬੇ ਦੀ ਪਛਾਣ ਅਧੂਰੀ ਰਹੇਗੀ। ਦਵੀ ਦਵਿੰਦਰ ਨੇ ਆਪਣੇੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲੋਕ ਗੀਤ ਔਰਤਾਂ ਦੁਆਰਾ ਰਚੇ ਗਏ ਪ੍ਰੰਤੂ ਇਨ੍ਹਾਂ ਗੀਤਾਂ ਦੇ ਦਾਇਰੇ ਵਿਚ ਭਾਸ਼ਾ ਪੰਜਾਬੀ ਰਹਿਤਲ ਬਹਿਤਲ, ਰੀਤਾਂ ਰਸਮਾਂ ਸਾਂਭੀਆਂ ਪਈਆਂ ਹਨ। ਕਈ ਗੀਤਾਂ ਵਿਚ ਪੇਸ਼ ਧਾਰਨਾਵਾਂ ਰੱਦ ਕਰਨਯੋਗ ਹਨ। ਪ੍ਰੰਤੂ ਇਤਿਹਾਸ ਨੂੰ ਪ੍ਰੰਪਰਾ ਨੂੰ ਸਮਝਦੇ ਹੋਏ ਅਜਿਹੇ ਗੀਤਾਂ ਨੂੰ ਵਰਤਮਾਨ ਤੇ ਭਵਿੱਖ ਦੇ ਅਰਥਾਂ ਵਿਚ ਢਾਲਣ ਤੋਂ ਬਚਣ ਦੀ ਲੋੜ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਵਿਤਾ ਦੇ ਖੇਤਰ ਵਿਚ ਔਰਤ ਦੁਆਰਾ ਪਿੱਤਰ ਸੱਤਾ ਨਾਲ ਲਏ ਦਸਤਪੰਜੇ ਸੰਬੰਧੀ ਗੱਲ ਕਰਦੇ ਹੋਏ ਬਾਗ਼ੀ ਸੁਰ ਵਾਲੀਆਂ ਕਵਿਤਾਵਾਂ ਦੀਆਂ ਉਦਾਹਰਣਾਂ ਦੇ ਕੇ ਆਪਣੇ ਵਿਸ਼ੇ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਕਵਿਤਾ ਨਾਰੀ ਰੁਦਨ ਤੋਂ ਅੱਗੇ ਸਵੈ ਫ਼ੈਸਲਾ, ਸਵੈ ਹੋਂਦ, ਸਵੈ ਆਜ਼ਾਦੀ ਦੀ ਗੱਲ ਕਰ ਰਹੀ ਹੈ। ਡਾ. ਕੁਲਦੀਪ ਕੌਰ ਫ਼ਿਲਸਤੀਨ ਅਤੇ ਗਾਜਾ ਦੀਆਂ ਪੱਤਰਕਾਰ ਕੁੜੀਆਂ ਨੂੰ ਸਮਰਪਿਤ ਕਰਦੇ ਹੋਏ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੱਤਾ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਸੱਚ ਵੇਖਦੀ ਅੱਖ ਨੂੰ ਅੰਨ੍ਹੀ ਕਰਨਾ ਚਾਹੁੰਦੀ ਹੈ। ਇਹੋ ਕਾਰਨ ਹੈ ਕਿ ਵਿਸ਼ਵ ਦੀਆਂ 73% ਔਰਤ ਪੱਤਰਕਾਰਾਂ ਨੂੰ ਆਪਣੇ ਕੰਮ ਦੌਰਾਨ ਧਮਕੀਆਂ/ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਵਨੀਤਾ ਨੇ ਕਿਹਾ ਕਿ ਕਵੀ ਦਰਬਾਰ ਵਿਚ ਅਤੇ ਵਿਚਾਰ ਚਰਚਾ ਦੌਰਾਨ ਜੋ ਵਿਸ਼ੇ ਉੱਭਰ ਕੇ ਸਾਹਮਣੇ ਆਏ ਹਨ ਉਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਲੇਖਕਾਵਾਂ ਦੀਆਂ ਰਚਨਾਵਾਂ ਵਿਸ਼ਵ ਨਾਲ ਆਪਣਾ ਵਰ ਮੇਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਵਿਤਾ ਏਨੀ ਸੌਖੀ ਨਹੀਂ ਹੁੰਦੀ। ਉਸ ਨੂੰ ਕਹਿਣ ਅਤੇ ਸੁਣਨ ਲਈ ਸਹਿਜ ਚਾਹੀਦਾ ਹੈ। ਉਨ੍ਹਾਂ ਨੇ ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ’ਤੇ ਪੇਸ਼ ਹੋ ਰਹੀ ਕਵਿਤਾ ਅਤੇ ਪਰੰਪਰਾਵਾਦੀ ਅੰਦਾਜ਼ ਦੀ ਕਵਿਤਾ ਵਿਚਲੇ ਅੰਤਰ ਨੂੰ ਸਪੱਸ਼ਟ ਕੀਤਾ।
ਕਵੀ ਦਰਬਾਰ ਵਿਚ ਡਾ. ਪਾਲ ਕੌਰ, ਡਾ. ਗੁਰਮਿੰਦਰ ਕੌਰ ਸਿੱਧੂ, ਸਿਮਰਤ ਗਗਨ, ਦਵੀ ਦਵਿੰਦਰ, ਡਾ. ਦਵਿੰਦਰ ਦਿਲਰੂਪ, ਅਨੂ ਬਾਲਾ, ਡਾ. ਸਿਮਰਜੀਤ ਗਿੱਲ, ਰਮਨਦੀਪ ਵਿਰਕ, ਸਤਨਾਮ ਚੌਹਾਨ, ਸੰਦੀਪ ਜੈਸਵਾਲ, ਰਿਤੂ ਵਾਸਦੇਵ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਨੀਰ ਸ਼ਾਮਲ ਹੋਏ। ਮੰਚ ਸੰਚਾਲਕ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤਾ। ਇਸ ਸੈਸ਼ਨ ਦੇ ਕਨਵੀਨਰ ਡਾ. ਸਿਮਰਜੀਤ ਕੌਰ ਗਿੱਲ ਸਨ। ਬਾਅਦ ਦੁਪਿਹਰ ਡਾ. ਵਨੀਤਾ ਨਾਲ ਰੂਬਰੂ ਕਰਵਾਇਆ ਗਿਆ। ਡਾ. ਗੁਰਇਕਬਾਲ ਸਿੰਘ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਵਨੀਤਾ ਨੇ ਇਕ ਸਾਹਿਤਕਾਰ ਦੀ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਸੰਬੰਧੀ ਵਿਸਥਾਰ ਨਾਲ ਦੱਸਿਆ ਜਿਸ ਤਹਿਤ ਕਿਸੇ ਰਚਨਾ ਦਾ ਆਧਾਰ ਤਿਆਰ ਹੁੰਦਾ ਹੈ ਉਹ ਪਹਿਲੂ ਸਮਾਜਿਕ, ਸਭਿਆਚਾਰਕ, ਆਰਥਿਕ ਜਾਂ ਰਾਜਸੀ ਹੋ ਸਕਦੇ ਹਨ। ਪਰ ਸਾਹਿਤ ਵਿਚ ਢਲ ਕੇ ਵਿਲੱਖਣ ਅਰਥਾਂ ਦੀ ਧਾਰਣੀ ਹੋ ਜਾਂਦੇ ਹਨ। ਇਸ ਮੌਕੇ ਪੁਸਤਕਾਂ ਸੁਰਿੰਦਰ ਨੀਰ ਦੀ ਪੁਸਤਕ ਇਤਰ ਅਤੇ ਗਗਨ ਕੌਰ ਦੀ ਦਿਲ ਤੋਂ ਦਿਲਬਰ ਲੋਕ ਅਰਪਣ ਕੀਤੀਆਂ ਗਈਆਂ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅੱਜ ਦੇ ਕਵੀ ਦਰਬਾਰ ਵਿਚ ਪਹੁੰਚੀਆਂ ਹੋਈ ਕਵਿੱਤਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਕਲਮ ਰਾਹੀਂ ਸਮਾਜਿਕ ਪ੍ਰਗਤੀ ਅਤੇ ਸਥਾਪਿਤ ਪਹਿਲੂਆਂ ਦੇ ਪੁਨਰ ਚਿੰਤਨ ਦੀ ਗੱਲ ਕੀਤੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਤੀਸਰੇ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਬਾਰੇ ਕਿਹਾ ਇਸ ਵਾਰ ਦਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਜੀ ਨੂੰ ਸਮਰਪਿਤ ਹੈ। ਉਨ੍ਹਾਂ ਨੇ ਪੁਸਤਕ ਪ੍ਰੇਮੀਆਂ ਨੂੰ ਇਸ ਮੌਕੇ ਦਾ ਲਾਭ ਲੈਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਤ੍ਰੈਲੋਚਨ ਲੋਚੀ, ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸੋਹੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਬਲਦੇਵ ਸਿੰਘ ਖਹਿਰਾ, ਜਤਿੰਦਰ ਹਾਂਸ, ਹਰਮੀਤ ਵਿਦਿਆਰਥੀ, ਡਾ. ਨਿਰਮਲ ਜੌੜਾ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸਤਿਬੀਰ ਸਿੰਘ, ਅਮਰਜੀਤ ਸ਼ੇਰਪੁਰੀ, ਤਰਲੋਚਨ ਸਿੰਘ, ਜਸਪ੍ਰੀਤ ਅਮਲਤਾਸ, ਰਵਿੰਦਰ ਰਵੀ, ਬੇਅੰਤ ਸਿੰਘ ਬਾਜਵਾ, ਪਰਮਜੀਤ ਸਿੰਘ ਗਰੇਵਾਲਾ, ਡਾ. ਜਸਪਾਲ ਸਿੰਘ ਸੈਣੀ, ਸਿਮਰਨਜੀਤ ਸਿੰਘ, ਬਲਕੌਰ ਸਿੰਘ ਗਿੱਲ, ਹਰਦੇਵ ਸਿੰਘ, ਸੁਰੇਸ਼ ਹੰਸ, ਹਰਪਾਲ ਸਿੰਘ ਸੰਧਾਵਾਲੀਆ, ਗੁਰਜੀਤ ਸਿੰਘ ਜੀਤ, ਗੁਰਦੀਪ ਸਿੰਘ, ਡਾ. ਸਵਿੰਦਰਪਾਲ ਰੋਜ਼ੀ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ


Leave a Reply