ਲੁਧਿਆਣਾ : 26 ਅਗਸਤ ( )
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਚ ਕਵਿਤਾ ਵਰਕਸ਼ਾਪ ਦਾ ਆਯੋਜਨ
ਕੀਤਾ ਗਿਆ। ਕਵਿਤਾ ਵਰਕਸ਼ਾਪ ਦੌਰਾਨ ਉੱਘੇ ਕਵੀ ਡਾ. ਸੁਰਜੀਤ ਪਾਤਰ, ਮਦਨ ਵੀਰਾ ਤੇ
ਜਸਵੰਤ ਜ਼ਫ਼ਰ ਨੇ ਕਵਿਤਾ ਲਿਖਣ ਦੇ ਵੱਖ-ਵੱਖ ਪੱਖਾਂ ਤੋਂ ਆਪਣੇ ਅਨੁਭਵ ਸਾਂਝੇ ਕੀਤੇ। ਉਸ
ਤੋਂ ਪਹਿਲਾਂ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਵਿਤਾ ਵਰਕਸ਼ਾਪ ਦੀ
ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਲਈ ਵੱਖ-ਵੱਖ ਕਾਵਿਕ ਵਿਧਾਵਾਂ ਤੇ ਵਰਗਾਂ ਦਾ
ਪ੍ਰਤਿਨਿਧ ਕਰਨ ਵਾਲੇ ਕਵੀਆਂ ਦੀ ਚੋਣ ਕੀਤੀ ਗਈ।
ਵਰਕਸ਼ਾਪ ਦੇ ਪਹਿਲੇ ਪੜਾਅ ’ਤੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਵੀ ਮਦਨ ਵੀਰਾ
ਨੇ ਦੱਸਿਆ ਕਿ ਉਹ ਇਸ ਕਿਸਮ ਦੇ ਸਾਹਿਤ ਨਾਲ ਵਾਬਾਸਤਾ ਰਿਹਾ ਜਿਸ ਨੇ ਉਨ੍ਹਾਂ ਨੂੰ
ਸਮਾਜਿਕ ਸਰੋਕਾਰਾਂ ਨਾਲ ਜੋੜਿਆ। ਉਨ੍ਹਾਂ ਨੇ ਮੁਨਸ਼ੀ ਪ੍ਰੇਮ ਚੰਦਰ ਤੇ ਹੋਰ ਲੇਖਕਾਂ
ਨੂੰ ਪੜ੍ਹਿਆ। ਉਨ੍ਹਾਂ ਵਿਚਲੇ ਪਾਤਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰ ਲੱਗਣ ਲੱਗੇ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਪਰਿਵਾਰ ਉਨ੍ਹਾਂ ਨੂੰ ਪੁਲਸ ਜਾਂ ਫ਼ੌਜ ਵਿਚ ਭੇਜਣਾ
ਚਾਹੁੰਦਾ ਸੀ। ਉਨ੍ਹਾਂ ਨੇ ਬੀ.ਏ ਕਰਨ ਦੇਣ ਦੀ ਗ਼ੁਜ਼ਾਰਿਸ਼ ਕੀਤੀ ਪਰ ਮਜਬੂਰੀ ਕਰਕੇ ਆਖ਼ਰੀ
ਸਾਲ ਵਿਚ ਉਨ੍ਹਾਂ ਨੂੰ ਬੀ.ਏ ਵੀ ਛੱਡਣੀ ਪਈ। ਇਕ ਬੰਦਾ ਉਨ੍ਹਾਂ ਨੂੰ ਮੁਰਗਾ ਵੱਢਣ ਲਈ
ਘਰ ਲੈ ਗਿਆ। ਉੱਥੋਂ ਉਨ੍ਹਾਂ ਨੂੰ ਜਾਤੀ ਵਿਤਕਰੇ ਦਾ ਅਹਿਸਾਸ ਹੋਇਆ। ਉਸ ਰਾਤ ਉਨ੍ਹਾਂ
ਕਵਿਤਾ ਲਿਖੀ, “ਊਠਾਂ ਵਾਲਿਓ ਮੇਰੇ ਯਾਰੋ…”। ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਸੀਰੀ
ਦਾ ਕੰਮ ਜਾਂ ਵਗਾਰ ਨਹੀਂ ਕਰਨੀ ਚਾਹੁੰਦੇ, ਉਹ ਅਜਿਹਾ ਕੰਮ ਕਰਨਾ ਚਾਹੁੰਦੇ ਸਨ ਜਿਹੜਾ
ਪੜ੍ਹਾਈ ਨੂੰ ਅੱਗੇ ਵਧਾਏ। ਜੀ. ਐਸ ਰਿਆਲ ਤੇ ਦਲਜੀਤ ਮੋਖਾ ਵਰਗੇ ਪਿੰਡ ਦੇ ਕਈ ਵੱਡੇ
ਲੇਖਕਾਂ ਨਾਲ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਸਾਂਝ ਹੋਈ। ਇਕ ਦਿਨ ਪਿੰਡ ਵਿਚ ਝੋਨਾ
ਲਾਉਂਦੇ ਦੇਖ ਕੇ ਰਿਆਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੜ੍ਹ ਸਕਦਾ ਹਨ, ਉਨ੍ਹਾਂ ਨੂੰ
ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ। ਇਹ ਕੰਮ ਕੋਈ ਵੀ ਕਰ ਸਕਦਾ ਹੈ। ਇਸ ਤਰ੍ਹਾਂ
ਉਨ੍ਹਾਂ ਦੀ ਆਰਥਕ ਮਦਦ ਕਰਨ ਵਾਲੇ ਕਈ ਸੱਜਣ ਮਿਲ ਗਏ। ਉਸ ਤੋਂ ਬਾਅਦ ਉਹ ਕਾਲਜ ਰਾਹੀਂ
ਅਤਰ ਸਿੰਘ, ਰਘਬੀਰ ਸਿਰਜਣਾ ਤੇ ਹੋਰ ਵਿਦਵਾਨਾਂ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ
ਕਵਿਤਾ ਦੇ ਖੰਭਾਂ ’ਤੇ ਚੜ੍ਹ ਕੇ ਉਨ੍ਹਾਂ ਨੇ ਨੌਕਰੀ ਸਮੇਤ ਕਈ ਪ੍ਰਾਪਤੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਕਵੀ ਨੇ ਜੋ ਭੋਗਿਆ ਹੁੰਦਾ ਹੈ ਉਸ ਦੀ ਕਵਿਤਾ ਵਿਚ ਉਤਰ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜੀਵਨ ਵਿਚ ਜੋ ਬੇਤਰਤੀਬੀ ਸੀ ਉਨ੍ਹਾਂ ਦੀ ਕਵਿਤਾ ਵਿਚ
ਆਉਣਾ ਸੁਭਾਵਕ ਸੀ। ਫਿਰ ਸਾਹਿਤ ਸਭਾ ਨਾਲ ਜੁੜ ਕੇ ਅਤੇ ਸਾਹਿਤਕ ਮੈਗਜ਼ੀਨਾਂ ਦੇ ਰਾਹੀਂ
ਸਾਹਿਤ ਨੂੰ ਸਮਝਣ ਦਾ ਸਿਲਸਿਲਾ ਸ਼ੁਰੂ ਹੋਇਆ।
ਕਵੀ ਜਸਵੰਤ ਜਫ਼ਰ ਨੇ ਕਵਿਤਾਕਾਰੀ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਕਿਸੇ ਕਵਿਤਾ ਦੀ
ਪਰਖ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਵਿਚ ਕਹੀ ਗੱਲ ਆਪਣੇ ਨਿਸ਼ਾਨੇ ’ਤੇ ਜਾ
ਕੇ ਲੱਗਦੀ ਹੈ ਜਾਂ ਨਹੀਂ।ਕਵਿਤਾ ਦੇ ਅਣਗਿਣਤ ਮਕਸਦ ਹੋ ਸਕਦੇ ਹਨ।ਕਵੀ ਉਨ੍ਹਾਂ ਚੀਜ਼ਾਂ
ਨੂੰ ਦਿਸਣ ਲਾਉਂਦਾ ਹੈ ਜੋ ਆਮ ਬੰਦੇ ਨੂੰ ਨਹੀਂ ਦਿਸਦੀ।ਬਹੁਤ ਸਾਰੀ ਕਵਿਤਾ ਪਾਠਕ ਨੂੰ
ਹੈਰਾਨ ਕਰਨ ਲਈ ਲਿਖੀ ਜਾਂਦੀ ਹੈ। ਕਵਿਤਾ ਦਾ ਇਕ ਮਨੋਰਥ ਲੋਕਾਂ ਦੀ ਸਮਝ ਵਧਾਉਣਾ
ਹੁੰਦਾ ਹੈ ਜੇ ਕਵਿਤਾ ਸਵੈ ਤੱਕ ਕੇਂਦਰਿਤ ਹੈ ਤਾਂ ਉਹ ਇਹ ਮਨੋਰਥ ਪੂਰਾ ਨਹੀਂ ਕਰਦੀ।
ਕਵੀ ਨੇ ਕਵਿਤਾ ਦੇ ਸ਼ਬਦਾਂ ਵਿਚ ਕਰੰਟ ਭਰਨਾ ਹੁੰਦਾ ਤੇ ਪਾਠਕ ਨੂੰ ਇਹ ਕਰੰਟ ਮਹਿਸੂਸ
ਕਰਵਾਉਣਾ ਹੁੰਦਾ ਹੈ। ਕਵਿਤਾ ਵਿਚ ਘਟ ਤੋਂ ਘਟ ਸ਼ਬਦਾਂ ਦੀ ਵਰਤੋਂ ਕਰਕੇ ਵਧ ਤੋਂ ਵਧ
ਅਰਥ ਸੰਚਾਰ ਕਰਨਾ ਚਾਹੀਦੀ ਹੈ। ਕਵਿਤਾ ਲਿਖਦੇ ਹੋਏ ਸ਼ਬਦਾਂ ਤੇ ਸਾਂਝੀਆਂ ਭਾਵਨਾਵਾਂ ਦਾ
ਆਦਰ ਕਰਨਾ ਹੁੰਦਾ ਹੈ।
ਇਸ ਮੌਕੇ ਡਾ. ਬਲਵਿੰਦਰ ਔਲਖ ਗਲੈਕਸੀ, ਡਾ. ਗੁਲਜ਼ਾਰ ਸਿੰਘ ਪੰਧੇਰ, ਤਜਿੰਦਰ ਮਾਰਕੰਡਾ,
ਕੇ. ਸਾਧੂ ਸਿੰਘ ਨੇ ਕਵਿਤਾ ਦੇ ਵੱਖ-ਵੱਖ ਪੱਖਾਂ ਬਾਰੇ ਸੁਆਲ ਪੁੱਛੇ। ਸੁਆਲਾਂ ਦੇ
ਜੁਆਬ ਦਿੰਦੇ ਹੋਏ ਪ੍ਰੱਸਿਧ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਾਡੀ
ਸੋਚ ਦਾ ਸਫ਼ਰ ਤੇ ਸਾਡੇ ਦੁੱਖ ਸਾਡੀ ਸ਼ਾਇਰੀ ਦੇ ਨਾਲ ਸਾਰੀ ਉਮਰ ਚੱਲਦੇ ਰਹਿੰਦੇ
ਹਨ।ਕਵਿਤਾ ਕਵੀ ਦਾ ਚੇਤਨ ਤੇ ਅਰਧ-ਚੇਤਨ ਮਨ ਰਲ਼ ਕੇ ਲਿਖਦੇ ਹਨ। ਉਨ੍ਹਾਂ ਕਿਹਾ ਕਿ
ਮੇਰੇ ਲਈ ਪਹਿਲੀ ਕਵਿਤਾ ਬਚਪਨ ਵਿਚ ਸੁਣੀਆਂ ਬੁਝਾਰਤਾਂ ਸਨ। ਕਵਿਤਾ ਦਾ ਉਸਤਾਦ ਯਾਦ
ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਸਵੰਤ ਜ਼ਫ਼ਰ ਇਕ ਸਿਆਣਪ ਵਾਲਾ ਕਵੀ ਹੈ ਤੇ ਮੈਂ ਇਕ
ਦੀਵਾਨਗੀ ਵਾਲਾ ਕਵੀ ਹਾਂ। ਜਿਸ ਬੰਦੇ ਨੇ ਗ਼ਜ਼ਲ ਤੇ ਸ਼ਾਇਰੀ ਸਿੱਖਣੀ ਹੋਵੇ ਉਸ ਨੂੰ
ਸ਼ਾਇਰੀ ਨਾਲ ਪਿਆਰ ਹੋਣਾ ਚਾਹੀਦਾ ਹੈ। ਉਰਦੂ ਦੇ ਉਸਤਾਦ ਸ਼ਾਗਿਰਦਾਂ ਨੂੰ ਸਲਾਹ ਦਿੰਦੇ
ਸਨ ਕਿ ਚੰਗਾ ਸ਼ਾਇਰ ਬਣਨ ਲਈ ਚੰਗੇ ਸ਼ਾਇਰਾਂ ਦੇ ਸੈਂਕੜੇ ਸ਼ਿਅਰ ਯਾਦ ਹੋਣੇ ਚਾਹੀਦੇ ਹਨ।
ਇਸ ਅਭਿਆਸ ਨਾਲ ਸ਼ਾਇਰੀ ਦਾ ਵਿਧਾਨ ਆਤਮਸਾਤ ਹੋ ਜਾਂਦਾ ਹੈ।ਉਨ੍ਹਾਂ ਨੇ ਸ਼ਾਇਰੀ ਵਿਚ ਆਮਦ
ਤੇ ਮੁਸ਼ੱਕਤ ਦੀ ਅਹਿਮੀਅਤ ਬਾਰੇ ਵੀ ਸਮਝਾਇਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਅਕਾਡਮੀ ਦਾ
ਉਪਰਾਲਾ ਰਿਹਾ ਹੈ ਕਿ ਸਾਹਿਤ ਦੀ ਵੱਖ-ਵੱਖ ਵਿਧਾਵਾਂ ਨੂੰ ਸਿੱਖਣ ਦੇ ਚਾਹਵਾਨਾਂ ਤੇ
ਮਾਹਿਰ ਸਾਹਿਤਕਾਰਾਂ ਵਿਚਾਲੇ ਇਕ ਪੁਲ ਦਾ ਕੰਮ ਕੀਤਾ ਜਾਵੇ। ਇਸ ਲਈ ਅਕਾਡਮੀ ਵੱਲੋਂ
ਪਿਛਲੇ ਅਰਸੇ ਦੌਰਾਨ ਗ਼ਜ਼ਲ, ਮਿੰਨੀ ਕਹਾਣੀ ਤੇ ਗੀਤ ਵਰਕਸ਼ਾਪਾਂ ਕਰਵਾਈਆਂ ਗਈਆਂ। ਕਵਿਤਾ
ਵਰਕਸ਼ਾਪ ਉਸ ਲੜੀ ਵਿਚ ਅਗਲੀ ਵਰਕਸ਼ਾਪ ਹੈ। ਕਵਿਤਾ ਵਰਕਸ਼ਾਪ ਦੇ ਸੰਯੋਜਕ ਹਰਬੰਸ ਮਾਲਵਾ
ਤੇ ਮਨਜਿੰਦਰ ਧਨੋਆ ਸਨ।
ਵਰਕਸ਼ਾਪ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਢਿੱਲੋਂ, ਡਾ. ਗੁਰਚਰਨ ਕੌਰ ਕੋਚਰ,
ਤ੍ਰੈਲੋਚਨ ਲੋਚੀ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਪਰਮਜੀਤ ਸੋਹਲ, ਦੀਪ ਜਗਦੀਪ
ਸਿੰਘ, ਰਾਮ ਸਿੰਘ, ਨਵਤੇਜ ਗੜਦੀਵਾਲਾ, ਅਮਰਜੀਤ ਸ਼ੇਰਪੁਰੀ, ਸਰਬਜੀਤ ਸਿੰਘ ਵਿਰਦੀ,
ਕੁਲਵਿੰਦਰ ਕੌਰ ਕਿਰਨ, ਬਲਕੌਰ ਸਿੰਘ ਗਿੱਲ, ਸਤਨਾਮ ਗਾਹਲੇ, ਸੰਜੀਵ ਕੁਮਾਰ, ਸਤਨਾਮ
ਸਿੰਘ, ਚਰਨਜੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
Leave a Reply