ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਸ਼ਹੀਦ ਬਿਲਾਸ ਭਾਈ ਮਨੀ ਸਿੰਘ (ਕਵੀ ਸੇਵਾ ਸਿੰਘ) ਲੋਕ ਅਰਪਣ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਕਵੀ ਸੇਵਾ ਸਿੰਘ ਰਚਿਤ ਅਤੇ ਗਿਆਨੀ ਗਰਜਾ ਸਿੰਘ ਵਲੋਂ ਸੰਪਾਦਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕ “ਸ਼ਹੀਦ ਬਿਲਾਸ ਭਾਈ ਮਨੀ ਸਿੰਘ” ਦਾ ਤੀਜਾ ਸੰਸਕਰਣ ਲੋਕ ਅਰਪਣ ਕੀਤਾ ਗਿਆ। ਇਹ ਵਾਹਦ ਇਕ ਪੁਸਤਕ ਹੈ ਜਿਹੜੀ ਭਾਈ ਮਨੀ ਸਿੰਘ ਦੇ ਜੀਵਨ, ਪਰਿਵਾਰ ਪਿਛੋਕੜ ਅਤੇ ਸ਼ਹੀਦੀ ਬਾਰੇ ਇਤਿਹਾਸਕ ਦਸਤਾਵੇਜ਼ ਹੈ।
ਇਸ ਮੌਕੇ ਪੰਜਾਬੀ ਸਾਹਿਤਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਨੇ ਇਸ ਪੁਸਤਕ ਬਾਰੇ ਚਾਨਣਾ ਪਾਉਦਿਆਂ ਆਖਿਆ ਕਿ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਇਕ ਅਦੁੱਤੀ ਸਿਰਜਣਾਤਮਕ ਅਤੇ ਵਰਤਮਾਨ ਵਿਚ ਇਤਿਹਾਸਕ ਮਹੱਤਵ ਵਾਲੀ ਪੁਸਤਕ ਹੈ। ਉਨ੍ਹਾਂ ਕਿਹਾ ਕਵੀ ਸੇਵਾ ਸਿੰਘ ਭੱਟ ਦਾ ਇਹ ਕਾਵਿ-ਬਿਰਤਾਂਤ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਪੁਰਾਣਾ ਤੇ ਪ੍ਰਮਾਣਿਕ ਬਿਰਤਾਂਤ ਹੈ ਜਿਸ ਨੂੰ ਗਿਆਨੀ ਗਰਜਾ ਸਿੰਘ ਇਸ ਦੀ ਪ੍ਰਮਾਣਿਕਤਾ ਦੀ ਖੋਜ ਕਰਨ ਲਈ 30 ਸਾਲ ਤੋਂ ਵੱਧ ਸਮਾਂ ਲਗਾਇਆ ਤੇ ਇਸ ਨੂੰ ਪੋਥੀ ਰੂਪ ਵਿਚ ਛਾਪਣ ਦਾ ਨਿਰਣਾ ਕੀਤਾ। ਉਨ੍ਹਾਂ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਬਾਰੇ ਵਡਮੁੱਲਾ ਕਾਵਿ ਬਿਰਤਾਂਤ ਲਿਖ ਕੇ ਭਵਿੱਖ ਪੀੜ੍ਹੀਆਂ ਲਈ ਯਾਦਗਾਰੀ ਕਾਰਜ ਕੀਤਾ ਹੈ। ਇਸ ਮੂਲ ਕਾਵਿ ਪਾਠ ਨੂੰ ਸੰਪਾਦਿਤ ਕਰਕੇ ਗਿਆਨੀ ਗਰਜਾ ਸਿੰਘ ਜੀ ਨੇ ਜਿਵੇਂ ਇਸ ਇਤਿਹਾਸਕ ਦਸਤਾਵੇਜ਼ ਦੀ ਸਾਂਭ ਸੰਭਾਲ ਕਰਕੇ ਇਸ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ 1960-61 ਵਿੱਚ ਸੌਂਪਿਆ ਉਹ ਬੇਹੱਦ ਰੋਚਕ ਕਥਾ ਹੈ। ਅਕਾਡਮੀ ਦੇ ਨਿਸ਼ਕਾਮ ਆਗੂਆਂ ਡਾ ਪਿਆਰ ਸਿੰਘ ਤੇ ਡਾ. ਸ਼ੇਰ ਸਿੰਘ ਜੀ ਨੇ ਇਸ ਨੂੰ ਅਕਾਡਮੀ ਵੱਲੋਂ ਪ੍ਰਕਾਸ਼ਨ ਲਈ ਉਦੋਂ ਦੇ ਪ੍ਰਧਾਨ ਜੀ ਭਾਈ ਸਾਹਿਬ ਭਾਈ ਜੋਧ ਸਿੰਘ ਦੀ ਮਹਾਨ ਸੇਵਾ ਅੱਜ ਵੀ ਸਤਿਕਾਰਯੋਗ ਹੈ। ਇਸ ਪੁਸਤਕ ਨੂੰ ਘਰ ਘਰ ਪਹੁੰਚਾਉਣ ਲਈ ਸਾਰੀਆਂ ਧਿਰਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ। ਡਾ. ਜੌਹਲ ਜੀ ਨੇ  ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਇਸ ਬੇਹੱਦ ਖ਼ੂਬਸੂਰਤ ਪ੍ਰਕਾਸ਼ਨ ਲਈ ਸ਼ਲਾਘਾ ਕੀਤੀ।
ਅਕਾਡਮੀ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖੀ ਅਣਖ, ਖ਼ਿਆਲਾਂ ਦੀ ਆਜ਼ਾਦੀ, ਵਹਿਸ਼ੀ ਬਰਬਰਤਾ ਦੇ ਵਿਰੁੱਧ ਆਤਮਿਕ ਬੱਲ ਦੀ ਉੱਚਤਾ ਅਤੇ ਧਰਮ ਦੀ ਰੱਖਿਆ ਦੇ ਪ੍ਰਸੰਗ ਵਿਚ ਭਾਈ ਮਨੀ ਸਿੰਘ ਦੀ ਮਹੱਤਤਾ ਜੀਵਨ ਵਿਚ ਉਸਾਰੂ ਪ੍ਰੇਰਨਾ ਅਤੇ ਆਪਾ ਵਾਰੂ ਜ਼ਿੰਦਗੀ ਦੀ ਇਕ ਸੁੰਦਰ ਮਿਸਾਲ ਹੈ।  ਉਨ੍ਹਾਂ ਸਮੂਹ ਮੈਂਬਰ ਸਾਹਿਬਾਨ ਨੂੰ ਦੱਸਿਆ ਕਿ ਇਸ ਕਿਤਾਬ ਤੋਂ ਮਗਰੋਂ “ਜੰਗਨਾਮਾ ਸਿੰਘਾਂ ਤੇ ਫਰੰਗੀਆਂ”, ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਬਾਰੇ ਕਵਿਤਾਵਾਂ) ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਪੰਜਾਬੀ ਸਾਹਿਤ ਅਕਾਡਮੀ ਦੀ ਪੁਸਤਕ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਸੰਬਰ 1961 ਵਿੱਚ ਪਹਿਲੀ ਵਾਰ ਛਪੀ ਇਸ ਪੁਸਤਕ ਦਾ ਦੂਜਾ ਐਡੀਸਨ 2007 ਵਿੱਚ ਮੁੜ ਪ੍ਰਕਾਸ਼ਨ ਦਾ ਮਾਣ ਡਾ ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਤੇ ਪ੍ਰੋ ਰਵਿੰਦਰ ਭੱਠਲ ਜੀ ਦੀ ਜਨਰਲ ਸਕੱਤਰੀ ਵੇਲੇ ਮੈਨੂੰ ਹੀ ਮਿਲਿਆ ਸੀ। ਹੁਣ 2023 ਵਿੱਚ ਵੀ ਇਹ ਸੇਵਾ ਮੈਨੂੰ ਹੀ ਮਿਲੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਵੱਲੋਂ ਪੁਸਤਕ ਪ੍ਰਕਾਸ਼ਨ ਹਿਤ ਮਿਲੀ ਗਰਾਂਟ ਨਾਲ ਇਹ ਪੁਸਤਕ ਛਪ ਚੁਕੀ ਹੈ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਰਚਨਾਵਲੀ ਵਿੱਚ ਸੱਤ ਕਿਤਾਬਾਂ ਦਾ ਸੈੱਟ ਛਾਪ ਕੇ ਪਿਛਲੇ ਦਿਨੀਂ ਲੋਕ ਅਰਪਨ ਕੀਤਾ ਜਾ ਚੁਕਾ ਹੈ। ਉਨ੍ਹਾਂ ਭਰਵੇਂ ਸਹਿਯੋਗ ਲਈ ਅਕਾਡਮੀ ਦੇ ਅਹੁਦੇਦਾਰਾਂ, ਪ੍ਰਕਾਸ਼ਨ ਕਮੇਟੀ ਮੈਂਬਰਾਨ ਤੇ ਪਰਿੰਟਵੈੱਲ ਅੰਮਿ੍ਰਤਸਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਪ੍ਰਕਾਸ਼ਨਾ ਨੂੰ ਬੇਹੱਦ ਸੁੰਦਰ ਛਾਪ ਕੇ ਮੈਨੂੰ ਮਾਣ ਦਿਵਾਇਆ। ਇਸ ਮੌਕੇ ਪ੍ਰੋ ਰਵਿੰਦਰ ਸਿੰਘ ਭੱਠਲ, ਡਾ. ਭਗਵੰਤ ਸਿੰਘ, ਡਾ. ਹਰਵਿੰਦਰ ਸਿੰਘ ਸਿਰਸਾ, ਸ. ਪਰਮਜੀਤ ਸਿੰਘ ਮਾਨ, ਸ੍ਰੀ ਹਰਬੰਸ ਮਾਲਵਾ, ਸ੍ਰੀ ਮਨਜਿੰਦਰ ਧਨੋਆ, ਸ੍ਰੀ ਤ੍ਰੈਲੋਚਨ ਲੋਚੀ, ਸ. ਕਰਮ ਸਿੰਘ ਜਖ਼ਮੀ, ਸ੍ਰੀ ਕੇ ਸਾਧੂ ਸਿੰਘ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਹਰਦੀਪ ਢਿੱਲੋਂ, ਸ੍ਰੀ ਜਸਬੀਰ ਝੱਜ, ਸੁਰਿੰਦਰਦੀਪ, ਸੁਰਜੀਤ ਸਿਰੜੀ ਹਾਜ਼ਰ ਸਨ। ਇਹ ਕਿਤਾਬ ਪੰਜਾਬੀ ਭਵਨ ਸਥਿਤ ਅਕਾਡਮੀ ਦੇ ਪੁਸਤਕ ਵਿਕਰੀ ਕੇਂਦਰ ਤੋਂ ਮਿਲ ਸਕਦੀ ਹੈ।           

ਡਾ. ਗੁਰਇਕਬਾਲ ਸਿੰਘ          
 ਜਨਰਲ ਸਕੱਤਰ
98158-26301  


Posted

in

by

Tags:

Comments

Leave a Reply

Your email address will not be published. Required fields are marked *