ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 22 ਜਨਵਰੀ, 2023 , ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਇਆ।
ਜਨਰਲ ਇਜਲਾਸ ਮੌਕੇ ਸਭ ਤੋਂ ਪਹਿਲਾਂ ਅਕਾਡਮੀ ਪਰਿਵਾਰ ਨੂੰ ਸਦੀਵੀ ਵਿਛੋੜੇ ਦੇ ਗਏ ਸਰਪ੍ਰਸਤਾਂ, ਮੋਢੀ ਮੈਂਬਰਾਂ, ਜੀਵਨ ਮੈਂਬਰਾਂ ਅਤੇ ਆਨਰੇਰੀ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਅਕਾਡਮੀ ਦੇ ਸੰਵਿਧਾਨ ਅਨੁਸਾਰ ਕੁੱਲ ਮੈਂਬਰਾਂ ਦਾ 1/10 ਕੋਰਮ ਪੂਰਾ ਨਾ ਹੋ ਕਰਕੇ ਹਾਊਸ ਨੂੰ ਉਠਾ ਕੇ ਨਿਯਮਾਂ ਅਨੁਸਾਰ ਦੁਬਾਰਾ ਜਨਰਲ ਇਜਲਾਸ ਦੀ ਕਾਰਵਾਈ ਆਰੰਭ ਕੀਤੀ ਗਈ।
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵਲੋਂ ਪੇਸ਼ ਕੀਤੀ ਗਈ ਸਾਲ 2022 ਦੀ ਵਿਤੀ ਖ਼ਰਚਿਆਂ ਦੀ ਰਿਪੋਰਟ ਅਤੇ ਅਕਾਡਮੀ ਦੀਆਂ ਪ੍ਰੋਗਰਾਮ ਗਤੀ-ਵਿਧੀਆਂ ਦੀ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਜਨਰਲ ਇਜਲਾਸ ਵਲੋਂ ਅਕਾਡਮੀ ਵਲੋਂ ਹੁਣ ਤੱਕ ਕੀਤੇ ਗਏ ਖ਼ਰਚਿਆਂ ਅਤੇ ਸਾਲ 2023-2024 ਦੇ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਪੰਜਾਬੀ ਸਾਹਿਤ ਅਕਾਡਮੀ ਵਲੋਂ ਸਾਹਿਤਕਾਰਾਂ ਨੂੰ ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਫ਼ੈਲੋਸ਼ਿਪ ਭੇਟਾ ਕੀਤਾ ਜਾਂਦਾ ਹੈ। ਅਕਾਡਮੀ ਦੇ ਸਰਵਉੱਚ ਸਨਮਾਨ ਫ਼ੈਲੋਸ਼ਿਪ ਲਈ ਸ. ਗੁਲਜ਼ਾਰ ਸਿੰਘ ਸੰਧੂ, ਸ੍ਰੀ ਪ੍ਰੇਮ ਪ੍ਰਕਾਸ਼, ਸ੍ਰੀ ਰਵੀ ਰਵਿੰਦਰ (ਕੈਨੇਡਾ), ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਸ. ਪ. ਸਿੰਘ ਨੂੰ ਇਜਲਾਸ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਜਨਰਲ ਇਜਲਾਸ ਵਲੋਂ 49 ਨਵੇਂ ਜੀਵਨ ਮੈਂਬਰਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਨਵੇਂ ਜੀਵਨ ਮੈਂਬਰ (ਸ) ਯੋਗਤਾ (2) ਵਿਚ 200/-ਰੁਪਏ ਨਿਰੰਤਰਤਾ ਫ਼ੀਸ ਦੀ ਮੱਦ ਅਤੇ (8) ਕਾਰਜ ਜਾਂ ਅਧਿਕਾਰ ਦੀ (ਖ) ਮੱਦ ਨੂੰ ਰੱਦ ਕਰਨ ਨੂੰ ਜਨਰਲ ਇਜਲਾਸ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਜਨਰਲ ਇਜਲਾਸ ਵਿਚ ਸਾਲ 2022 ਦੇ ਖ਼ਰਚਿਆਂ ਅਤੇ ਪ੍ਰੋਗਰਾਮਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ, ਸਾਲ 2023-2024 ਦਾ ਬਜਟ, ਨਵੇਂ ਜੀਵਨ ਮੈਂਬਰਾਂ ਦੀ ਪ੍ਰਵਾਨਗੀ ‘ਤੇ ਬਹਿਸ ਵਿਚ ਸ. ਸਵਰਨ ਸਿੰਘ ਸਨੇਹੀ, ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਸ. ਮਲਕੀਤ ਸਿੰਘ ਔਲਖ, ਸ. ਮਨਜਿੰਦਰ ਸਿੰਘ ਧਨੋਆ, ਸ੍ਰੀ ਜਸਵੀਰ ਝੱਜ, ਦੀਪ ਜਗਦੀਪ ਸਿੰਘ, ਸ. ਜਨਮੇਜਾ ਸਿੰਘ ਜੌਹਲ ਅਤੇ ਸ੍ਰੀ ਹਰਬੰਸ ਮਾਲਵਾ ਨੇ ਹਿੱਸਾ ਲਿਆ।
ਸ. ਸਵਰਨ ਸਿੰਘ ਸਨੇਹੀ ਦਾ ਸੁਝਾਅ ਸੀ ਕਿ ਅਕਾਡਮੀ ਦਾ ਤ੍ਰੈਮਾਸਿਕ ਰਸਾਲਾ ‘ਆਲੋਚਨਾ’ ਅਕਾਡਮੀ ਦੇ ਮੈਂਬਰਾਂ ਨੂੰ ਜ਼ਰੂਰ ਭੇਜਿਆ ਜਾਵੇ ਤਾਂ ਜੋ ਮੈਂਬਰਾਂ ਦਾ ਅਕਾਡਮੀ ਨਾਲ ਰਾਬਤਾ ਬਣਿਆ ਰਹੇ। ਇਹ ਸੁਝਾਅ ਪ੍ਰਵਾਨ ਨਹੀਂ ਕੀਤਾ ਗਿਆ। ਉਨ੍ਹਾਂ ਮੈਂਬਰਾਂ ਨੂੰ ਹੀ ਰਸਾਲਾ ‘ਆਲੋਚਨਾ’ ਭੇਜਿਆ ਜਾਵੇਗਾ ਜਿਨ੍ਹਾਂ ਨੇ ਚੰਦਾ ਦਿੱਤਾ ਹੋਵੇ।
ਸ੍ਰੀ ਸੁਰਿੰਦਰ ਕੈਲੇ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਨਵੀਂ ਟੀਮ ਵਲੋਂ ਕੀਤੇ ਗਏ ਕੰਮਾਂ ਦੀ ਪ੍ਰਸੰਸਾ ਕੀਤੀ। ਅਕਾਡਮੀ ਦੀਆਂ ਇਮਾਰਤਾਂ ਦੇ ਕਿਰਾਏ ਸੰਬੰਧੀ ਇਤਰਾਜ਼ ਉਠਾਏ। ਪ੍ਰਧਾਨ ਜੀ ਨੇ ਇਸ ਮਸਲੇ ਨੂੰ ਵਿਚਾਰਨ ਲਈ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਬਹਿਸ ਵਿਚ ਹਿੱਸਾ ਲੈਂਦਿਆ ਗਿਆ ਕਿ ਪ੍ਰਬੰਧਕੀ ਬੋਰਡ ਵਲੋਂ 200/-ਰੁਪਏ ਰੱਦ ਕਰਨ ਦੀ ਜਨਰਲ ਹਾਊਸ ਵਿਚ ਪੇਸ਼ ਕੀਤੀ ਸਿਫ਼ਾਰਸ਼ ‘ਤੇ ਵਧਾਈ ਦਿੱਤੀ ਅਤੇ ਮੈਂਬਰਾਂ ਦੀ ਘੱਟ ਰਹੀ ਸ਼ਾਮੂਲੀਅਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਮੈਂਬਰਾਂ ਨੂੰ ਪ੍ਰੇਰਨ ਦੀ ਤਜਵੀਜ਼ ਦਿੱਤੀ। ਉਨ੍ਹਾਂ ਦਾ ਸੁਝਾਅ ਸੀ ਕਿ ਨਾਮਜ਼ਦ ਅਤੇ ਪ੍ਰਬੰਧਕੀ ਬੋਰਡ ਮੈਂਬਰ ਜਨਰਲ ਹਾਊਸ ਦੀ ਮੀਟਿੰਗ ਵਿਚ ਜ਼ਰੂਰ ਆਉਣ। ਉਨ੍ਹਾਂ ਨੇ ਚੋਣ ਅਧਿਕਾਰੀਆਂ ਦੇ ਚੋਣਾਂ ਸੰਬੰਧੀ ਸੁਝਾਓ ਨੂੰ ਪ੍ਰਬੰਧਕੀ ਬੋਰਡ ਵਲੋਂ ਵਿਚਾਰ ਜਾਣ ਦਾ ਸੁਝਾਅ ਦਿੱਤਾ। ਇਸ ਨੂੰ ਮੰਨ ਲਿਆ ਗਿਆ। ਉਨ੍ਹਾਂ ਨੇ ਮੈਂਬਰਸ਼ਿਪ ਕਮੇਟੀ ਅਤੇ ਪ੍ਰਬੰਧਕੀ ਬੋਰਡ ਵਲੋਂ ਪਾਸ ਕੀਤੇ 49 ਮੈਂਬਰਾਂ ਦੀ ਮੈਂਬਰਸ਼ਿਪ ਨੂੰ ਪਾਸ ਕਰਨ ਦੀ ਥਾਂ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ।
ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁਸ਼ਕਿਲ ਹਾਲਾਤਾਂ ਵਿਚ ਅਕਾਡਮੀ ਜ਼ਿੰਦਾ ਦਿਲੀ ਨਾਲ ਚਲਦੀ ਰਹੀ ਹੈ, ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ‘ਆਲੋਚਨਾ ਰਸਾਲੇ ਵਿਚ ਆਲੋਚਨਾ ਦੇ ਨਾਲ-ਨਾਲ ਸਾਹਿਤ ਰੂਪਾਂ ਨੂੰ ਵੀ ਥਾਂ ਦਿੱਤੀ ਜਾਵੇ। ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਕਿਉਂਕਿ ਇਹ ਰਸਾਲਾ ਅਕਾਦਮਿਕ ਅਤੇ ਸਮੀਖਿਆ ਦਾ ਹੀ ਹੈ।
ਸ. ਮਲਕੀਅਤ ਸਿੰਘ ਔਲਖ ਦਾ ਸੁਝਾਅ ਸੀ ਚੋਣ ਅਧਿਕਾਰੀ ਦੇ ਚੋਣਾਂ ਸੰਬੰਧੀ ਸੁਝਾਵਾਂ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਸੰਬੰਧੀ ਕਮੇਟੀ ਬਣਾਉਣ ਦਾ ਫ਼ੈਸਲਾ ਹੋਇਆ।
ਸ੍ਰੀ ਦੀਪ ਜਗਦੀਪ ਸਿੰਘ ਦਾ ਸੁਝਾਅ ਸੀ ਕਿ ਐੱਨ.ਆਰ.ਆਈ. ਮੈਂਬਰਾਂ ਨੂੰ ਇੰਟਰਨੈੱਟ ਜ਼ਰੀਏ ਮੀਟਿੰਗ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਆਨ ਲਾਈਨ ਜ਼ਰੀਏ ਚੋਣਾਂ ਦਾ ਹਿੱਸਾ ਬਣਾ ਕੇ ਉਨ੍ਹਾਂ ਨੂੰ ਅਕਾਡਮੀ ਦੇ ਨਾਲ ਜੋੜਨਾ ਚਾਹੀਦਾ ਹੈ। ਇਸ ਸੰਬੰਧੀ ਕਮੇਟੀ ਬਣਾ ਦਿੱਤੀ ਗਈ – ਸ. ਜਨਮੇਜਾ ਸਿੰਘ ਜੌਹਲ, ਸ੍ਰੀ ਦੀਪ ਜਗਦੀਪ ਸਿੰਘ ਨੂੰ ਜ਼ਿੰਮੇਂਵਾਰੀ ਦਿੱਤੀ ਗਈ ਅਤੇ ਆਪਣੇ ਨਾਲ ਹੋਰ ਮੈਂਬਰਾਂ ਨੂੰ ਲੈਣ ਲਈ ਵੀ ਕਿਹਾ ਗਿਆ। ਇਸੇ ਕਮੇਟੀ ਨੂੰ ਅਕਾਡਮੀ ਦੀ ਵੈੱਬਸਾਈਟ ਬਣਾਉਣ ਦੀ ਜ਼ਿੰਮੇਂਵਾਰੀ ਵੀ ਦਿੱਤੀ ਗਈ ਜੋ ਜਨਰਲ ਸਕੱਤਰ ਨਾਲ ਮਸ਼ਵਰਾ ਕਰਕੇ ਨੇਪਰੇ ਚਾੜ੍ਹੀ ਜਾਵੇ।
ਡਾ. ਹਰਵਿੰਦਰ ਸਿੰਘ ਸਿਰਸਾ ਦਾ ਸੁਝਾਅ ਸੀ ਕਿ ਜਨਰਲ ਇਜਲਾਸ ਵਿਚ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਨੂੰ ਪਹਿਲਾਂ ਪ੍ਰਬੰਧਕੀ ਬੋਰਡ ਵਿਚ ਵਿਚਾਰ ਲਿਆ ਜਾਵੇ। ਇਹ ਸੁਝਾਅ ਮੰਨਿਆ ਗਿਆ।
ਸ. ਜਨਮੇਜਾ ਸਿੰਘ ਜੌਹਲ ਨੇ ਪੁਰਾਣੇ ‘ਆਲੋਚਨਾ’ ਅੰਕਾਂ ਦੀ ਡਿਜ਼ੀਟੀਲਾਈਜ਼ੇਸ਼ਨ ਦਾ ਮਸਲਾ ਉਠਾਇਆ। ਇਸ ਨੂੰ ਪ੍ਰਵਾਨ ਕਰ ਲਿਆ ਗਿਆ।
ਸ੍ਰੀ ਜਸਵੀਰ ਝੱਜ ਅਤੇ ਸ੍ਰੀ ਹਰਬੰਸ ਮਾਲਵਾ ਪ੍ਰਬੰਧਕੀ ਬੋਰਡ ਮੈਂਬਰਾਂ ਨੇ ਆਪਣੇ ਨਾਂ ਪ੍ਰੋ. ਮੋਹਨ ਸਿੰਘ ਜਨਮ ਉਤਸਵ ਦੇ ਕਵੀ ਦਰਬਾਰ ‘ਚ ਰਹਿ ਜਾਣ ‘ਤੇ ਸ਼ਾਮਲ ਕਰਨ ਲਈ ਕਿਹਾ। ਇਸ ਨੂੰ ਮੰਨ ਲਿਆ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਪ੍ਰਧਾਨਗੀ ਭਾਸ਼ਣ ਵਿਚ ਉੱਠੇ ਮੁੱਦਿਆਂ ਦਾ ਜਵਾਬ ਦਿੰਦਿਆਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਿਰਾਸ਼ਾ ਨੂੰ ਆਸ਼ਾ ਵਿਚ ਬਦਲਣ ਦੀ ਭਾਵਨਾ ਹਰ ਮੈਂਬਰ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਕਾਡਮੀ ਦੇ ਹਰ ਕੰਮ ਕਾਰ ਨੂੰ ਪਾਰਦਰਸ਼ਿਕ ਢੰਗ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਕਿਹਾ ਅਗਿਆਨਤਾ ਨੂੰ ਗਿਆਨ ਵਿਚ ਬਦਲਣਾ ਸਾਡਾ ਮਕਸਦ ਹੋਣਾ ਚਾਹੀਦਾ ਹੈ ਅਤੇ ਗ਼ਲਤੀਆਂ ਨੂੰ ਤਾਕਤ ਵਿਚ। ਉਨ੍ਹਾਂ ਨੇ ਜਨਰਲ ਇਜਲਾਸ ਵਿਚ ਉਠਾਏ ਸੰਵਿਧਾਨਕ ਨਕਤਿਆਂ ਨੂੰ ਹਾਂ-ਪੱਖੀ ਹੁੰਗਾਰਾ ਦਿੰਦਿਆਂ ਸਾਰੇ ਮਸਲਿਆਂ ਨੂੰ ਕਮੇਟੀਆਂ ਬਣਾ ਕੇ ਵਿਚਾਰਨ ਦੀ ਸਹਿਮਤੀ ਦਿੱਤੀ। ਉਨ੍ਹਾਂ ਨੇ ਸਰਬਸੰਮਤੀ ਨਾਲ ਅਕਾਡਮੀ ਦੇ ਕੰਮਕਾਰ ਦੀ ਰਿਪੋਰਟ, ਸਾਲ 2023-2024 ਦਾ ਬਜਟ, ਪੰਜ ਫ਼ੈਲੋਸ਼ਿਪ ਅਤੇ ਨਵੀਂ ਮੈਂਬਰਸ਼ਿਪ ਨੂੰ ਪਾਸ ਕਰਨ ਲਈ ਜਨਰਲ ਇਜਲਾਸ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।
ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ
ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ
Leave a Reply