ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੱਠ ਨਾਮਵਰ ਲੇਖਕਾਂ ਦਾ ਸਨਮਾਨ 04 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਮੌਕੇ ਅੱਠ ਪ੍ਰਸਿੱਧ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ, ਸ. ਰਘਬੀਰ ਸਿੰਘ ਸਿਰਜਣਾ ਅਤੇ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਸ਼ਾਮਲ ਸਨ।ਸਾਲ 2022 ਦੇ ਸਨਮਾਨਾਂ ਵਿਚ ਸ. ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ ਸ੍ਵ ਸ੍ਰੀ ਸੁਰਜਨ ਜ਼ੀਰਵੀ ਦੇ ਭਤੀਜੇ ਸ. ਮਿਹਰਬਾਨ ਸਿੰਘ ਜ਼ੀਰਵੀ ਨੇ ਪ੍ਰਾਪਤ ਕੀਤਾ। ਸ. ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਸ੍ਰੀ ਜੰਗ ਬਹਾਦਰ ਗੋਇਲ ਨੂੰ, ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਡਾ. ਸੁਰਜੀਤ ਸਿੰਘ ਭੱਟੀ, ਸ. ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਸ. ਬਲਬੀਰ ਸਿੰਘ ਕੰਵਲ ਦਾ ਸਨਮਾਨ ਡਾ. ਜਸਬੀਰ ਕੌਰ ਨੇ ਪ੍ਰਾਪਤ ਕੀਤਾ। ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਸ੍ਰੀ ਜਤਿੰਦਰ ਬਰਾੜ, ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਡਾ. ਤੇਜਿੰਦਰ ਹਰਜੀਤ ਦਾ ਸਨਮਾਨ ਉਨ੍ਹਾਂ ਦੇ ਸਪੁੱਤਰ ਸ. ਜ਼ੋਰਾਵਰ ਸਿੰਘ ਨੇ ਪ੍ਰਾਪਤ ਕੀਤਾ। ਸ. ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸ੍ਰੀ ਸਤਪਾਲ ਭੀਖੀ ਨੂੰ ਭੇਟਾ ਕੀਤਾ ਗਿਆ ਸਨਮਾਨਤ ਲੇਖਕਾਂ ਨੂੰ ਇੱਕੀ-ਇੱਕੀ ਹਜ਼ਾਰਰੁਪਏ, ਸ਼ੋਭਾ ਪੱਤਰ, ਦੋਸ਼ਾਲੇ ਅਤੇ ਪੁਸਤਕਾਂ ਦੇ ਸੈੱਟ ਭੇਟਾ ਕੀਤੇ ਗਏ। ਮਾਤਾ ਜਸਵੰਤ ਕੌਰ ਸਰਵੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਬਾਲ ਸਾਹਿਤ ਲੇਖਕ ਸ੍ਰੀ ਹਰੀ ਕ੍ਰਿਸ਼ਨ ਮਾਇਰਨੂੰ ਭੇਟਾ ਕੀਤਾ ਗਿਆ। ਉਨ੍ਹਾਂ ਨੂੰ ਦਸ ਹਜ਼ਾਰ ਰੁਪਏ, ਦੋਸ਼ਾਲਾ, ਸ਼ੋਭਾ ਪੱਤਰ ਅਤੇ ਦੋਸ਼ਾਲਾ ਭੇਟਾ ਕੀਤਾ ਗਿਆ।ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸੁਰਜੀਤ ਪਾਤਰ ਜੀ ਨੇ ਪੁਰਸਕਾਰ ਪ੍ਰਾਪਤ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਅਕਾਡਮੀ ਵਲੋਂ ਪੁਰਸਕਾਰ ਦਿੱਤੇ ਗਏ ਹਨ ਉਨ੍ਹਾਂ ਕਾਰਨ ਇਨ੍ਹਾਂ ਪੁਰਸਕਾਰਾਂ ਦਾ ਮਾਣ ਤਾਂ ਵਧਿਆ ਹੀ ਹੈ ਪਰ ਨਾਲ-ਨਾਲ ਇਨ੍ਹਾਂ ਸਨਮਾਨਤ ਸ਼ਖ਼ਸੀਅਤਾਂ ਦੀ ਸਾਹਿਤ ਅਤੇ ਸਮਾਜ ਪ੍ਰਤੀ ਜ਼ਿੰਮੇਂਵਾਰੀ ਵੀ ਵਧੀ ਹੈ ਕਿਉਂਕਿ ਅੱਜ ਸਾਡਾ ਸਮਾਜ ਜਿਸ ਦੋਰਾਹੇ ’ਤੇ ਖੜ੍ਹਾ ਹੈ ਉਸ ਨੂੰ ਲੇਖਕ ਹੀ ਸਹੀ ਦਿਸ਼ਾ ਪ੍ਰਦਾਨ ਕਰ ਸਕਦੇ ਹਨ।ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਜਿਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਦੀ ਸਾਹਿਤਕ ਦੇਣ ਬਹੁਤ ਵੱਡੀ ਹੈ। ਇਹ ਸਾਰੇ ਇਨਾਮ ਲੇਖਕਾਂ ਵੱਲੋਂ ਅਕਾਡਮੀ ਰਾਹੀਂ ਲੇਖਕਾਂ ਨੂੰ ਦਿੱਤੇ ਜਾਂਦੇ ਹਨ। ਡਾ. ਰਘਬੀਰ ਸਿੰਘ ਸਿਰਜਨਾ ਹੋਰਾਂ ਨੇ ਜਿਨ੍ਹਾਂ ਸ਼ਖ਼ਸੀਅਤਾਂ ਦੇ ਨਾਮ ’ਤੇ ਪੁਰਸਕਾਰ ਦਿੱਤੇ ਗਏ ਉਨ੍ਹਾਂ ਨਾਲ ਬਿਤਾਏ ਹੋਏ ਆਪਣੇ ਪਲਾਂ ਨੂੰ ਸਾਂਝਾ ਕੀਤਾ ਅਤੇ ਪੁਰਸਕਾਰ ਪ੍ਰਾਪਤ ਵਿਦਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਾਹਿਤ ਪ੍ਰਤੀ ਦੇਣ ਨੂੰ ਤਾਜ਼ਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਨਮਾਨਤ ਸ਼ਖ਼ਸੀਅਤਾਂ ਅਤੇ ਪੁਰਸਕਾਰ ਸਮਾਗਮ ਵਿਚ ਹਾਜ਼ਰ ਲੇਖਕਾਂ, ਸਰੋਤਿਆਂ ਨੂੰ ਜੀ ਆਇਆਂ ਕਿਹਾ।ਉਨ੍ਹਾਂ ਪੁਰਸਕਾਰ ਪ੍ਰਾਪਤ ਸ਼ਖ਼ਸੀਅਤਾਂ ਬਾਰੇ ਭਾਵਪੂਰਤ ਜਾਣਕਾਰੀ ਸਾਂਝੀ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਮੰਚ ਦੀ ਕਾਰਵਾਈ ਚਲਾਉਂਦਿਆਂ ਇਨ੍ਹਾਂ ਅੱਠਾਂ ਪੁਰਸਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਨਮਾਨਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਅਕਾਡਮੀ ਇਨ੍ਹਾਂ ਲੇਖਕਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰਦੀ ਹੈ। ਉਪਰੋਕਤ ਸਨਮਾਨਤ ਵਿਦਵਾਨਾਂ ਬਾਰੇ ਤ੍ਰੈਲੋਚਨ ਲੋਚੀ, ਡਾ. ਹਰਵਿੰਦਰ ਸਿੰਘ ਸਿਰਸਾ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਕੇ. ਸਾਧੂ ਸਿੰਘ, ਜਸਵੀਰ ਝੱਜ, ਕਰਮ ਸਿੰਘ ਜ਼ਖਮੀ, ਪਰਮਜੀਤ ਮਾਨ ਹੋਰਾਂ ਨੇ ਸ਼ੋਭਾ ਪੱਤਰ ਪੇਸ਼ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜੋਗਿੰਦਰ ਸਿੰਘ ਨਿਰਾਲਾ, ਪਰਮਜੀਤ ਕੌਰ ਮਹਿਕ, ਬੀਬੀ ਸੁਰਜੀਤ ਕੌਰ ਯੂ.ਐੱਸ.ਏ., ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਬਲਵਿੰਦਰ ਕੌਰਭੱਟੀ, ਸਤੀਸ਼ ਗੁਲਾਟੀ, ਕਿਹਰ ਸਿੰਘ, ਅਮਰਜੀਤ ਸ਼ੇਰਪੁਰੀ, ਦੀਪ ਜਗਦੀਪ ਸਿੰਘ, ਡਾ. ਸੰਤੋਖ ਸਿੰਘ ਸੁੱਖੀ, ਸੁਰਜੀਤ ਸਿੰਘ ਮੌਜੀ, ਡਾ. ਲਖਵੀਰ ਸਿੰਘ ਸਿਰਸਾ, ਸੁਰਿੰਦਰ ਕੁਮਾਰ ਬਿਰਹਾ, ਅਰਵਿੰਦਰ, ਨਰਿੰਦਰਪਾਲ ਕੌਰ ਸਮੇਤ ਕਾਫ਼ੀ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
98158-26301
Leave a Reply