ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੁਸਤਕਾਂ ਪੜ੍ਹ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ-ਹਰਦੀਪ ਸਿੰਘ ਮੁੰਡੀਆਂ

ਲੁਧਿਆਣਾ  : 15 ਨਵੰਬਰ  (                            )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵੱਲੋਂ (14 ਤੋਂ 17 ਨਵੰਬਰ ਤੱਕ) ਪੰਜਾਬੀ
ਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਦੂਸਰਾ ਦਿਨ 15
ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।
ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿਚ ਕੈਬਨਿਟ ਮੰਤਰੀ ਪੰਜਾਬ ਸਰਕਾਰ ਹਰਦੀਪ ਸਿੰਘ
ਮੁੰਡੀਆਂ ਅਤੇ ਚੇਅਰਮੈਨ ਮਾਰਕਫੈੱਡ ਪੰਜਾਬ ਅਮਨਦੀਪ ਸਿੰਘ ਸੋਹੀ ਪਹੁੰਚੇ। ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ.
ਗੁਲਜ਼ਾਰ ਸਿੰਘ ਪੰਧੇਰ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਡਾ.
ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਵਲੋਂ ਕਰਵਾਏ ਜਾ
ਰਹੇ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਪ੍ਰਤੀਬੱਧ
ਸੰਸਥਾਵਾਂ ਨੇ ਇਕ ਰਾਜ ਭਾਸ਼ਾ ਐਕਟ ਤਿਆਰ ਕਰਕੇ ਦਿੱਤਾ ਸੀ ਜੋ ਅੱਜ ਤੱਕ ਲਾਗੂ ਨਹੀਂ ਹੋ
ਸਕਿਆ। ਸਾਹਿਤ ਸੰਸਥਾਵਾਂ ਕੰਮ ਕਰ ਰਹੀਆਂ ਹਨ, ਪਰ ਸਰਕਾਰਾਂ ਸੰਸਥਾਵਾਂ ਦੀ ਮਦਦ ਵੀ
ਨਹੀਂ ਕਰ ਰਹੀਆਂ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ
ਗੱਲ ਸੁਣੇ ਅਤੇ ਪਹਿਲ ਦੀ ਆਧਾਰ ’ਤੇ ਪੰਜਾਬੀ ਭਾਸ਼ਾ ਐਕਟ ਲਾਗੂ ਕਰੇ।
ਸਾਹਿਤ ਉਤਸਵ ਮੌਕੇ ਸੁਖਜੀਵਨ ਅਤੇ ਰਵੀ ਰਵਿੰਦਰ ਦੁਆਰਾ ਲਗਾਈ ਫ਼ੋਟੋ ਪ੍ਰਦਰਸ਼ਨੀ ਦਾ
ਉਦਘਾਟਨ ਕਰਨ ਉਪਰੰਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਭ ਨੂੰ ਪ੍ਰਕਾਸ਼ ਪੁਰਬ
ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤਾਂ ਅਤੇ ਸ਼ਾਇਰਾਂ ਨੇ
ਪੰਜਾਬ ਦੀ ਵਿਰਾਸਤ ਨੂੰ ਬਹੁਤ ਬੁਲੰਦੀਆਂ ਬਖ਼ਸ਼ੀਆਂ ਹਨ। ਲੇਖਕਾਂ ਦੀ ਕਲਮ ਵਿਚ ਬਹੁਤ
ਜਾਨ ਹੁੰਦੀ ਹੈ । ਉਨ੍ਹਾਂ ਦੁਆਰਾ ਰਚਿਤ ਪੁਸਤਕਾਂ ਨੂੰ ਪੜ੍ਹਣ ਦਾ ਅਲੱਗ ਹੀ ਆਨੰਦ
ਹੁੰਦਾ ਹੈ। ਪੁਸਤਕਾਂ ਰਾਹ ਦਸੇਰਾ ਹੁੰਦੀਆਂ ਹਨ। ਬੱਚਿਆਂ ਤੇ ਨੌਜਵਾਨਾਂ ਨੂੰ ਵਿਰਸੇ
ਅਤੇ ਧਰਮ ਨਾਲ ਜੋੜਨ ਦੀ ਲੋੜ ਹੈ ਜੋ ਮੁੱਖ ਰੂਪ ਵਿਚ ਲੇਖਕਾਂ ਦੇ ਹੀ ਵੱਸ ਦੀ ਗੱਲ ਹੈ।
ਉਨ੍ਹਾਂ ਕਿਹਾ ਪੰਜਾਬੀ ਭਵਨ, ਲੁਧਿਆਣਾ ਵਿਖੇ ਆ ਕੇ ਅਤੇ ਲੇਖਕਾਂ ਨੂੰ ਮਿਲ ਕੇ ਹਾਰਦਿਕ
ਪ੍ਰਸੰਨਤਾ ਹੋਈ ਹੈ। ਇਸ ਤਰ੍ਹਾਂ ਦੇ ਕਾਰਜ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਮੰਗਾਂ ’ਤੇ ਤੁਰੰਤ ਅਮਲ ਕਰਦਿਆਂ ਸੋਮਵਾਰ
ਤੋਂ ਕੰਮ ਸ਼ੁਰੂ ਹੋ ਜਾਣ ਦਾ ਭਰੋਸਾ ਦਿਵਾਇਆ। ਮੈਂ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ
ਵਟਾਂਦਰਾ ਕਰਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਆਰਥਿਕ ਮਦਦ ਜਲਦੀ ਹੀ ਕੀਤੀ
ਜਾਵੇਗੀ।
ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦੀ ਲੋੜ ਹੈ।
ਪੁਸਤਕ ਮੇਲਾ ਅਤੇ ਸਾਹਿਤ ਉਤਸਵ ਇਕ ਸ਼ਲਾਘਾਯੋਗ ਕਾਰਜ ਹੈ। ਅਸੀਂ ਪੰਜਾਬੀ ਮਾਂ ਬੋਲੀ
ਤੋਂ ਬਹੁਤ ਦੂਰ ਜਾ ਰਹੇ ਹਾਂ, ਜਿਸ ਵਿਚ ਵਿਦਿਅਕ ਸੰਸਥਾਵਾਂ ਦਾ ਵੱਡਾ ਹੱਥ ਹੈ।
ਮਾਪਿਆਂ ਨੂੰ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਨਾਲ ਸਲਾਹ ਕਰਕੇ ਵੱਖ-ਵੱਖ ਥਾਵਾਂ ’ਤੇ ਅਜਿਹੇ ਮੇਲਿਆਂ ਦਾ
ਪ੍ਰਬੰਧ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ
ਚੇਅਰਮੈਨ ਅਮਨਦੀਪ ਸਿੰਘ ਮੋੋਹੀ ਨੂੰ ਯਾਦ ਚਿੰਨ੍ਹ, ਪੁਸਤਕਾਂ ਦੇ ਸੈੱਟ ਅਤੇ ਦੋਸ਼ਾਲੇ
ਦੇ ਕੇ ਸਨਮਾਨਿਤ ਕੀਤਾ ਗਿਆ।
ਅਗਲੇ ਸੈਸ਼ਨ ਵਿਚ ‘ਰੇਪ ਮਾਨਸਿਕਤਾ ਅਤੇ ਔਰਤ’ ਵਿਸ਼ੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ
ਜਿਸ ਦੀ ਪ੍ਰਧਾਨਗੀ ਡਾ. ਪਾਲ ਕੌਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰੋ. ਜਗਮੋਹਨ
ਸਿੰਘ ਅਤੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਪਰਮਿੰਦਰ ਸਵੈਚ ਸ਼ਾਮਲ ਹੋਏ। ਇਸ ਸੈਸ਼ਨ ਦੇ
ਪੈਨਲਿਸਟ ਵਿਦਿਆਰਥੀ ਆਗੂ ਹਰਵੀਰ ਕੌਰ ਨੇ ਕਿਹਾ ਕਿ ਔਰਤ ਦਿਵਸ 8 ਮਾਰਚ ਨੂੰ ਹੀ ਕਿਉਂ?
ਇਸ ਗੰਭੀਰ ਚਰਚਾ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਵੱਡਾ ਕਦਮ ਹੈ। ਰੇਪ ਸਾਡੇ
ਕਲਚਰ ਦਾ ਹਿੱਸਾ ਬਣ ਰਿਹਾ ਹੈ ਜੋ ਖਤਰਨਾਕ ਹੈ। ਕਿਸੇ ਕੁੜੀ ਨਾਲ ਰੇਪ ਅਤੇ ਕਤਲ ਹੋਣ
ਤੋਂ ਬਾਅਦ ਹੀ ਜਨਤਕ ਲਹਿਰਾਂ ਉੱਠਦੀਆਂ ਹਨ। ਡਾ. ਮਨਮਿੰਦਰ ਕੌਰ ਨੇ ਕਿਹਾ ਕਿ ਗੁਰੂ
ਨਾਨਕ ਦੇਵ ਜੀ ਤੋਂ ਸਾਢੇ ਪੰਜ ਸਦੀਆਂ ਬਾਅਦ ਵੀ ਹਾਲਤ ਨਹੀਂ ਬਦਲੇ। ਬਲਾਤਕਾਰੀਆਂ ਨੂੰ
ਸਖਤ ਸਜ਼ਾਵਾਂ ਦੇਣ ਉਪਰੰਤ ਵੀ ਕੋਈ ਫ਼ਰਕ ਨਹੀਂ ਪੈ ਰਿਹਾ। ਅਜਿਹੇ ਘਿਨਾਉਣੇ ਅਪਰਾਧ ਵਿਚ
ਪਿਤਾ, ਭਾਈ ਤੱਕ ਵੀ ਸ਼ਾਮਲ ਹੁੰਦੇ ਹਨ। ਮਰਦਾਵਾਂ ਸਮਾਜ ਜਾਂ ਮਰਦਾਨਗੀ ਹਵਸ ਵਧਾਉਣ ਦਾ
ਵੱਡਾ ਕਾਰਨ ਹੈ। ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਬਲਾਤਕਾਰ ਇਕ ਵਰਤਾਰਾ ਹੈ ਜਾਂ
ਸੋਚ ਹੈ, ਇਸ ਨੂੰ ਘੋਖਣ ਦੀ ਲੋੜ ਹੈ। ਸਾਡੇ ਭਾਰਤ ਮਹਾਨ ਵਿਚ ਇਕ ਸਾਲ ਵਿਚ ਹੀ ਚਾਰ
ਲੱਖ ਪੰਜਤਾਲੀ ਹਜ਼ਾਰ ਦੋ ਸੌ ਛਿਪੰਜਾ ਕੇਸ ਦਰਜ ਹੋਏ ਹਨ। ਦੁੱਖ ਨਾਲ ਕਹਿਣਾ ਪੈ ਰਿਹਾ
ਹੈ ਕਿ ਇਹ ਵਾਪਰੀਆਂ ਘਟਨਾਵਾਂ ਦਾ ਦੋ ਪ੍ਰਤੀਸ਼ਤ ਹੀ ਹਨ। ਕਿਸਾਨ ਆਗੂ ਜਸਵੀਰ ਕੌਰ ਨੱਤ
ਨੇ ਕਿਹਾ ਕਿ ਜਾਤ ਜਾਂ ਜਮਾਤ ਨੂੰ ਨੀਵਾਂ ਦਿਖਾਉਣ ਲਈ ਔਰਤ ’ਤੇ ਹਮਲਾ ਕੀਤਾ ਜਾਂਦਾ
ਹੈ। ਇਹ ਪ੍ਰਵਿਰਤੀ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸਜ਼ਾ ਸਿਰਫ਼ ਕੇਸ ਨਾ ਲੜ ਸਕਣ
ਵਾਲੇ ਦੋਸ਼ੀ ਨੂੰ ਹੀ ਹੁੰਦੀ ਹੈ। ਹਰਦੀਪ ਕੋਟਲਾ ਨੇ ਕਿਹਾ ਕਿ ਸਮਾਜ ਦੀ ਹਰ ਦੱਬੀ
ਕੁਚਲੀ ਜਮਾਤ ਨਾਲ ਧੱਕਾ (ਰੇਪ) ਹੁੰਦਾ ਹੈ ਜਿਸ ਦਾ ਪੰਜਾਹ ਪ੍ਰਤੀਸ਼ਤ ਪੀੜਤ ਔਰਤ ਹੀ
ਹੁੰਦੀ ਹੈ ਕਿਉਕਿ ਉਹ ਕਿਸੇ ਜਾਇਦਾਦ ਦੀ ਮਾਲਕ ਨਹੀਂ ਹੁੰਦੀ। ਅੱਜ ਕਲ੍ਹ ਸੋਸ਼ਲ ਮੀਡੀਆ
ਇਸ ਅਪਰਾਧ ਪ੍ਰਵਿਰਤੀ ਨੂੰ ਵਧਾਉਣ ਲਈ ਪੂਰਨ ਸਮੱਗਰੀ ਪੇਸ਼ ਕਰ ਰਿਹਾ ਹੈ। ਜਗਮੋਹਨ ਸਿੰਘ
ਨੇ ਸ਼ਹੀਦ ਭਗਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਦਗੀ ਚੰਗੀ ਚੀਜ਼ ਹੈ ਪਰ ਵਿਚਾਰਾਂ
ਦੀ ਮਜਬੂਤੀ ਹੋਵੇ। ਅਨਿਆਂ ਨਾਲ ਕਦੇ ਸਮਝੌਤਾ ਨਹੀਂ ਕਰਨਾ ਚਾਹੀਦਾ। ਹਿੰਸਾ ਦਾ ਸਭ ਤੋਂ
ਘਿਨਾਉਣਾ ਰੂਪ ਬਲਾਤਕਾਰ ਹੀ ਹੈ। ਪਰਮਿੰਦਰ ਸਵੈਚ ਨੇ ਕਿਹਾ ਕਿ ਪੂੰਜੀਵਾਦੀ ਦੇਸ਼ਾਂ ਵਿਚ
ਜੇ ਇਸ ਨਾਲੋਂ ਵੱਧ ਵਿਕਾਸ ਹੋਇਆ ਹੈ ਤਾਂ ਜ਼ੁਰਮਾਂ ਨੇ ਵੀ ਓਨਾ ਹੀ ਵਿਕਾਸ ਕੀਤਾ ਹੈ।
ਹਰਪੀ੍ਰਤ ਕੌਰ ਸੰਧੂ, ਹਰਜਿੰਦਰ ਸਿੰਘ ਦਿਲਗੀਰ, ਮਨਜੀਤ ਇੰਦਰਾ, ਸੰਜੀਵਨ, ਜਸਵੀਰ ਝੱਜ,
ਬਲਕੌਰ ਸਿੰਘ ਨੇ ਪੜ੍ਹੇ ਗਏ ਪਰਚਿਆਂ ’ਤੇ ਟਿੱਪਣੀਆਂ ਕੀਤੀਆਂ। ਮੰਚ ਸੰਚਾਲਨ ਡਾ.
ਅਰਵਿੰਦਰ ਕੌਰ ਕਾਕੜਾ ਨੇ ਕੀਤਾ।
ਦੂਜੇ ਸੈਸ਼ਨ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ ਨੇ
ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਗੀਤ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਡਾ.
ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹਨ। ਕਵੀ ਦਰਬਾਰ ਵਿਚ ਸੋਮਾ
ਸਬਲੋਕ, ਜਸਲੀਨ ਕੌਰ, ਜਸਪ੍ਰੀਤ ਫ਼ਲਕ, ਗੁਰਮੀਤ ਕੌਰ, ਕਮਲ ਸੇਖੋਂ, ਅੰਜੂ ਅਮਨਦੀਪ
ਗਰੋਵਰ, ਪੁਸ਼ਪਿੰਦਰ ਵਿਰਕ, ਅੰਮਿ੍ਰਤਪਾਲ ਕਲੇਰ, ਜੋਗਿੰਦਰ ਨੂਰਮੀਤ, ਹਰਸਿਮਰਤ ਕੌਰ,
ਦੀਪ ਇੰਦਰ, ਰਾਜਵਿੰਦਰ ਜਟਾਣਾ, ਮਨਿੰਦਰ ਕੌਰ ਬਸੀ, ਰਮਨਦੀਪ ਵਿਰਕ, ਵਿਜੇਤਾ ਭਾਰਦਵਾਜ,
ਹਰਪ੍ਰੀਤ ਕੌਰ ਸੰਧੂ, ਜਸਪ੍ਰੀਤ ਅਮਲਤਾਸ, ਚਰਨਜੀਤ ਕੌਰ ਜੋਤ, ਡਾ. ਸਰਬਜੀਤ ਕੌਰ ਬਰਾੜ
ਸ਼ਾਮਲ ਹੋਏ। ਕਵੀ ਦਰਬਾਰ ਦਾ ਮੰਚ ਸੰਚਾਲਨ ਨਰਿੰਦਰਪਾਲ ਕੌਰ ਨੇ ਕੀਤਾ। ਇਸ ਮੌਕੇ ਸਰੂਪ
ਸਿਆਲਵੀ ਦੀ ਕਿਤਾਬ ‘ਵਰਗ (ਵਰਣ) ਸੰਘਰਸ਼ ਸੰਸਕ੍ਰਿਤੀਆਂ ਦੀ ਆਪਸੀ-ਨਿਰਭਰਤਾ’ ਲੋਕ ਅਰਪਣ
ਕੀਤੀ ਗਈ।
ਇਸ ਮੌਕੇ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਹਰਵਿੰਦਰ ਸਿੰਘ ਸਿਰਸਾ, ਜਸਪਾਲ ਮਾਨਖੇੜਾ,
ਤ੍ਰੈਲੋਚਨ ਲੋਚੀ, ਸੰਜੀਵਨ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸੰਤੋਖ ਸਿੰਘ ਸੁੱਖੀ,
ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਰਾਮ ਸਿੰਘ, ਮਲਕੀਤ ਸਿੰਘ ਔਲਖ, ਮਨਦੀਪ
ਕੌਰ ਭੰਮਰਾ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਬਲਵਿੰਦਰ ਭੱਟੀ, ਪ੍ਰੋ. ਹਰਜੀਤ
ਸਿੰਘ, ਦੀਪ ਦਿਲਬਰ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਅਮਰਿੰਦਰ ਸੋਹਲ, ਮੀਤ ਅਨਮੋਲ,
ਰਵੀ ਰਵਿੰਦਰ, ਜਤਿੰਦਰ ਹਾਂਸ, ਪ੍ਰਭਜੋਤ ਸੋਹੀ, ਮੇਜਰ ਸਿੰਘ ਸਿਆੜ, ਸੁਰਜੀਤ ਸਿਰੜੀ,
ਹਰਦੇਵ ਸਿੰਘ, ਗੁਰਮੇਜ ਭੱਟੀ, ਨੀਤੂ ਸ਼ਰਮਾ, ਜਰਨੈਲ ਸਿੰਘ ਲੋਪੋ, ਹਰਜਿੰਦਰ ਸਿੰਘ ਲੋਪੋ
ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ। ਪੁਸਤਕ ਮੇਲੇ ਮੌਕੇ ਪੰਜਾਬ ਭਰ
ਤੋਂ ਪਹੁੰਚੇ ਪੁਸਤਕ ਪ੍ਰੇਮੀਆਂ ਨੇ ਪੁਸਤਕਾਂ ਖ੍ਰੀਦਣ ਵਿਚ ਦਿਲਚਸਪੀ ਦਿਖਾਈ। ਅਕਾਡਮੀ
ਵਲੋਂ ਸਮੂਹ ਪੁਸਤਕ ਪ੍ਰੇਮੀਆਂ ਦੀ ਆਮਦ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟ
ਕੀਤੀ ਗਈ ਕਿ 17 ਨਵੰਬਰ ਤੱਕ ਚੱਲ ਰਹੇ ਇਸ ਮੇਲੇ ਵਿਚ ਸ਼ਮੂਲੀਅਤ ਕਰਦੇ ਹੋਏ ਆਪਣੀ
ਮਨਪਸੰਦ ਦੀਆਂ ਪੁਸਤਕਾਂ ਖ੍ਰੀਦਣਗੇ।
ਜਸਵੀਰ ਝੱਜ
ਪ੍ਰੈੱਸ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *