ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੁਸਤਕ ‘ਗਰਲਜ਼ ਹੋਸਟਲ’ ਬਾਰੇ ਵਿਚਾਰ ਗੋਸ਼ਟੀ


ਲੁਧਿਆਣਾ : 25 ਮਈ (                            )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਗੁਰੂ ਨਾਨਕ ਨੈਸ਼ਨਲ ਖ਼ਾਲਸਾ ਕਾਲਜ ਫ਼ਾਰ
ਵੁਮੈਨ, ਮਾਡਲ ਟਾਊਨ, ਲੁਧਿਆਣਾ ਵਿਖੇ ਮਨਦੀਪ ਔਲਖ ਦੀ ਪੁਸਤਕ ‘ਗਰਲਜ਼ ਹੋਸਟਲ’ ਬਾਰੇ
ਵਿਚਾਰ ਗੋਸ਼ਟੀ ਕਰਵਾਈ ਗਈ। ਇਹ ਸਮਾਗਮ ਕਾਲਜ ਦੇ ਇੰਟਰਨਲ ਕੁਆਲਇਟੀ ਐਸ਼ੋਰੈਂਸ ਸੈੱਲ ਦੀ
ਅਗਵਾਈ ਹੇਠ ਬੁਕ ਰੀਵਿਊ ਸੈਸ਼ਨ, ਸੰਵਾਦ-3 ਅਧੀਨ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ
ਮੰਡਲ ਵਿਚ ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਅਮਰਜੀਤ ਸਿੰਘ ਗਰੇਵਾਲ, ਕਾਲਜ ਦੇ ਜਨਰਲ
ਸਕੱਤਰ ਬਾਵਾ ਗੁਰਵਿੰਦਰ ਸਿਘ ਸਰਨਾ ਅਤੇ ਲੇਖਿਕਾ ਮਨਦੀਪ ਔਲਖ ਸ਼ਾਮਲ ਸਨ।
ਕਾਲਜ ਦੀ ਪਿ੍ਰੰਸੀਪਲ ਡਾ. ਮਨੀਤਾ ਕਾਹਲੋਂ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ
ਕਿ ਕਾਲਜ ਵਿਚ ਸ਼ਬਦ ਵਿਚਾਰ ਅਤੇ ਵਿਦਵਾਨਾਂ ਦਾ ਆਉਣਾ ਕਾਲਜ ਲਈ ਮਾਣ ਵਾਲੀ ਗੱਲ ਹੈ।
ਪੁਸਤਕ ਬਾਰੇ ਖੋਜ-ਪੱਤਰ ਪੇਸ਼ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਵਿਚਾਰ
ਅਧੀਨ ਪੁਸਤਕ ਨਾਰੀ ਦੀ ਸੁਤੰਤਰ ਹੋਂਦ ਦੇ ਨਵੇਂ ਦਿਸਹੱਦਿਆਂ ਦੀ ਨਾਇਕਾ ਵਜੋਂ ਪਛਾਣ
ਕਰਦੀ ਹੈ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਆਪਣੇ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ
ਮਨਦੀਪ ਔਲਖ ਨਵੇਂ ਆਯਾਮਾਂ ਤੋਂ ਕਾਵਿ ਸਮੱਗਰੀ ਫੜਦੀ ਹੈ ਤੇ ਕਲਾਤਮਕ ਤਰੀਕੇ ਨਾਲ ਪੇਸ਼
ਕਰਦੀ ਹੈ।
ਸਵਰਨਜੀਤ ਸਵੀ ਨੇ ਕਿਹਾ ਕਿ ਮਨਦੀਪ ਦੀ ਕਵਿਤਾ ਇਕ ਸਹਿਜ ਜਿਉਣ ਵਿਧੀ ਹੈ। ਉਹ ਇਕੋ ਥਾਂ
ਘੁੰਮਣ ਜਾਣ ਵਿਚੋਂ ਵੀ ਬਾਰੀਕ ਦੇਣ ਮਾਣਨ ਦੀ ਦਿ੍ਰਸ਼ਟੀ ਨਾਲ ਵਿਭਿੰਨ ਕਵਿਤਾਵਾਂ ਸਿਰਜ
ਲੈਂਦੀ ਹੈ। ਉਸ ਨੂੰ ਜ਼ਿੰਦਗੀ ਦੀ ਬੇਤਰਤੀਬੀ ਚੰਗੀ ਲੱਗਦੀ ਹੈ। ਸ. ਅਮਰਜੀਤ ਸਿੰਘ
ਗਰੇਵਾਲ ਨੇ ਕਿਹਾ ਕਿ ਸਾਨੂੰ ਦੇਖਣਾ ਪਵੇਗਾ ਕਿ ਔਰਤ ਮਰਦ ਦੇ ਵਿਰੋਧ ਵਿਚ ਆਜ਼ਾਦ ਹੋ ਗਈ
ਜਾਂ ਇਨਸਾਨ ਸਮੁੱਚੇ ਤੌਰ ’ਤੇ ਆਜ਼ਾਦ ਹੋਵੇ। ਮਨਦੀਪ ਦੂਸਰੀ ਗੱਲ ਨੂੰ ਪਹਿਲ ਦਿੰਦੀ ਹੈ।
ਡਾ. ਸਰਬਜੀਤ ਸਿੰਘ ਲਾਲ ਸਿੰਘ ਦਿਲ ਦੀ ਕਵਿਤਾ ‘ਮੈਨੂੰ ਪਿਆਰ ਕਰੇਂਦੀਏ ਪਰਜਾਤ ਕੁੜੀਏ’
ਦਾ ਹਵਾਲਾ ਦੇ ਕੇ ਔਰਤ ਦੀ ਇਕ ਵੱਖਰੀ ਅਨੁਭਵ ਦੀ ਕਵਿਤਾ ਨੂੰ ਮਨਦੀਪ ਦੀ ਕਵਿਤਾ ਨਾਲ
ਜੋੜਿਆ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਅਜਿਹੀਆਂ ਗੋਸ਼ਟੀਆਂ ਕਰਵਾਉਦੀ ਰਹੇਗੀ ਤਾਂ ਕਿ ਸਾਡੇ ਸਮਾਜ ਵਿਚ ਵੀ ਸੰਵੇਦਨਾ ਨੂੰ
ਸੰਜੀਵ ਤਰੀਕੇ ਨਾਲ ਕਾਇਮ ਰੱਖਿਆ ਜਾ ਸਕੇ। ਜਸਵੰਤ ਜ਼ਫ਼ਰ ਨੇ ਅਕਾਡਮੀ ਦੇ ਇਸ ਉਪਰਾਲੇ ਦੀ
ਪ੍ਰਸੰਸਾ ਕਰਦਿਆਂ ਕਿਹਾ ਕਿ ਕਵਿਤਾ ਸਮਾਜ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਦੀ ਹੈ। ਇਸ
ਕਿਸਮ ਦੀਆਂ ਗੋਸ਼ਟੀਆਂ ਸਾਡੇ ਵਿਚਾਰਾਂ ਵਿਚ ਨਖਾਰ ਲਿਆਉਦੀਆਂ ਹਨ। ਡਾ. ਜਗਵਿੰਦਰ ਜੋਧਾ
ਨੇ ਕਿਹਾ ਕਿ ਮਨਦੀਪ ਦੀ ਕਵਿਤਾ ਕਿਸੇ ਮਾਡਲ ਨੂੰ ਸਥਾਪਿਤ ਕਰਨ ਦੀ ਥਾਂ ਤੇ ਸੁਪਨੇ ਤੋਂ
ਮਾਡਲ ਤੱਕ ਦੇ ਤਣਾਅ ਦੀ ਕਵਿਤਾ ਹੈ। ਸੁਰਿੰੰਦਰ ਕੈਲੇ, ਚਰਨਜੀਤ ਸਿੰਘ, ਗੁਰਸ਼ਰਨ ਸਿੰਘ
ਨਰੂਲਾ, ਜਸਪ੍ਰੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ
ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਰਣਜੀਤ ਸਿੰਘ, ਸਰਬਜੀਤ ਸਿੰਘ ਵਿਰਦੀ, ਅਮਰਜੀਤ
ਸ਼ੇਰਪੁਰੀ, ਗੁਰਮੇਜ ਸਿੰਘ ਭੱਟੀ, ਪ੍ਰੋ. ਕਿਸ਼ਨ ਸਿੰਘ ਸਮੇਤ ਕਾਲਜ ਦੇ ਅਧਿਆਪਕ ਹਾਜ਼ਰ
ਸਨ।
ਸਮਾਗਮ ਦੀ ਅਖ਼ੀਰ ਵਿਚ ਕਾਲਜ ਦੇ ਜਨਰਲ ਸਕੱਤਰ ਬਾਵਾ ਗੁਰਵਿੰਦਰ ਸਿੰਘ ਸਰਨਾ ਨੇ ਧੰਨਵਾਦ
ਕਰਦਿਆਂ ਡਾ. ਸੁਰਜੀਤ ਪਾਤਰ ਦੀਆਂ ਬਤੌਰ ਇਨਸਾਨ ਯਾਦਾਂ ਸਾਝੀਆਂ ਕੀਤੀਆਂ। ਉਨ੍ਹਾਂ ਡਾ.
ਸਰਬਜੀਤ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਜਦੋਂ ਵੀ ਸਾਡੇ ਜ਼ਿੰਮੇਂ ਕੋਈ ਕਾਰਜ ਲਾਵੇਗੀ ਅਸੀਂ ਹਮੇਸ਼ਾ ਹਾਜ਼ਰ ਰਹਾਂਗੇ। ਸਮਾਗਮ ਦਾ
ਮੰਚ ਸੰਚਾਲਨ ਪ੍ਰੋ. ਪ੍ਰਭਜੋਤ ਕੌਰ ਨੇ ਬਾਖ਼ੂਬੀ ਨਿਭਾਇਆ।

ਡਾ ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਮੋਬਾਈਲ : 70099-66188


Posted

in

by

Tags:

Comments

Leave a Reply

Your email address will not be published. Required fields are marked *