ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਸ੍ਰੀ ਕੇ. ਐੱਲ. ਗਰਗ, ਡਾ. ਹਰਿਭਜਨ ਸਿੰਘ ਭਾਟੀਆ ਅਤੇ ਸ੍ਰੀ ਤਰਲੋਚਨ ਸਮਰਾਲਾ ਸਨਮਾਨਤ

ਅੰਮਿ੍ਰਤਾ ਇਮਰੋਜ਼ ਪੁਰਸਕਾਰ ਸ੍ਰੀ ਕੇ. ਐੱਲ. ਗਰਗ
ਅਮੋਲ ਪਰਤਾਪ ਸਾਹਿਤ ਸਨਮਾਨ ਡਾ. ਹਰਿਭਜਨ ਸਿੰਘ ਭਾਟੀਆ ਅਤੇ
ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਸ੍ਰੀ ਤਰਲੋਚਨ ਸਮਰਾਲਾ ਨੂੰ ਪ੍ਰਦਾਨ ਕੀਤੇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਯੋਜਿਤ ਸਨਮਾਨ ਸਮਾਗਮ ਦੌਰਾਨ ਅੰਮਿ੍ਰਤਾ
ਇਮਰੋਜ਼ ਪੁਰਸਕਾਰ 2022 ਸ੍ਰੀ ਕੇ. ਐੱਲ. ਗਰਗ ਨੂੰ, ਅਮੋਲ ਪਰਤਾਪ ਸਾਹਿਤ ਸਨਮਾਨ 2022
ਡਾ. ਹਰਿਭਜਨ ਸਿੰਘ ਭਾਟੀਆਂ ਨੂੰ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ
2021 ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਮੁਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ
ਸਾਬਕਾ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ. ਸੁਰਜੀਤ ਪਾਤਰ ਚੇਅਰਮੈਨ, ਪੰਜਾਬ
ਕਲਾ ਪਰਿਸ਼ਦ ਦੀ ਪ੍ਰਧਾਨਗੀ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਵਿਸ਼ੇਸ਼ ਮਹਿਮਾਨ ਦੀ ਹਾਜ਼ਰੀ ਵਿਚ ਅਰਪਣ ਕੀਤੇ ਗਏ। ਅੰਮਿ੍ਰਤਾ
ਇਮਰੋਜ਼ ਪੁਰਸਕਾਰ ਅਤੇ ਅਮੋਲ ਸਾਹਿਤ ਸਨਮਾਨ ਵਿਚ (51000/-) ਇਕਵੰਜਾ-ਇਕਵੰਜਾ ਹਜ਼ਾਰ
ਰੁਪਏ, ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ ਵਿਚ (21000/-) ਇੱਕੀ ਹਜ਼ਾਰ ਰੁਪਏ, ਦੋਸ਼ਾਲੇ,
ਸ਼ੋਭਾ-ਪੱਤਰ ਅਤੇ ਪੁਸਤਕਾਂ ਦੇ ਸੈੱਟ ਪ੍ਰਦਾਨ ਕੀਤੇ ਗਏ।

ਅੰਮਿ੍ਰਤਾ ਇਮਰੋਜ਼ ਪੁਰਸਕਾਰ ਬੀਬਾ ਬਲਵੰਤ ਵੱਲੋਂ ਅੰਮਿ੍ਰਤਾ ਇਮਰੋਜ਼ ਨੂੰ ਅਕੀਦਤ ਵਜੋਂ
ਸ਼ੁਰੂ ਕੀਤਾ ਗਿਆ। ਅਮੋਲ ਪਰਤਾਪ ਸਾਹਿਤ ਸਨਮਾਨ ਡਾ. ਆਤਮਜੀਤ ਵੱਲੋਂ ਆਪਣੇ ਮਾਤਾ ਪਿਤਾ
ਦੀ ਯਾਦ ਨੂੰ ਸਮਰਪਿਤ ਹੈ। ਇਹ ਦੋਵੇਂ ਪੁਰਸਕਾਰ ਦੋ ਸਾਲ ਬਾਅਦ ਪ੍ਰਦਾਨ ਕੀਤੇ ਜਾਂਦੇ
ਹਨ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਡਾ. ਅਨੂਪ ਸਿੰਘ ਦੀ ਪ੍ਰਧਾਨਗੀ
ਪੰਜਾਬੀ ਲੇਖਕ ਸਭਾ ਬਟਾਲਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਰਾਹੀਂ ਦਿੱਤਾ
ਜਾਂਦਾ ਹੈ।

ਡਾ. ਸੁਰਜੀਤ ਪਾਤਰ ਹੋਰਾਂ 300 ਸਾਲਾਂ ਵਾਰਿਸ ਸ਼ਾਹ ਯਾਦਗਾਰੀ ਭਾਸ਼ਣ ਦਿੰਦੇ ਹੋਏ ਕਿਹਾ
ਕਿ ਵਾਰਿਸ ਦਾ ਕਿੱਸਾ ਇਕ ਪ੍ਰੇਮ ਕਥਾ ਦੇ ਨਾਲ ਨਾਲ 18ਵੀਂ ਸਦੀ ਦੇ ਪੰਜਾਬ ਦਾ
ਵਸਦਾ-ਰਸਦਾ ਚਿੱਤਰ ਹੈ। ਇਹ ਕਿੱਸਾ ਸਮੁੱਚੇ ਪੰਜਾਬ ਦਾ ਮਿਊਜ਼ਮ ਹੈ। ਵਾਰਿਸ ਦੇ ਕਿਸੇ
ਨੇ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਨੂੰ ਸਾਂਭਣ ਦੇ ਨਾਲ ਨਾਲ ਵਿਸਤਾਰ ਤੇ ਗਹਿਰਾਈ ਬਖ਼ਸ਼ੀ।
ਉਨ੍ਹਾਂ ਕਿਹਾ ਇਸ ਕਿੱਸੇ ਦਾ ਦਾਰਸ਼ਨਿਕ ਪਹਿਲੂ ਵੀ ਹੈ ਜੋ ਕਿੱਸੇ ਵਿਚ ਮੰਜ਼ਰਾਂ ਦੇ
ਪਿੱਛੇ ਛਿਪੇ ਹੋਏ ਮੰਜ਼ਰਾਂ ਦੀ ਅਸਲ ਤਸਵੀਰ ਵਿਖਾਉਦਾ ਹੈ। ਇਹ ਪਿਤਰੀ ਸਮਾਜ ਨੂੰ
ਵਿਦਰੋਹ ਦੇ ਮੁਹਾਵਰੇ ਵਿਚ ਬਦਲਣ ਦੀ ਗੱਲ ਕਰਦਾ ਹੈ। ਦਮਿਤ ਵਰਗ ਨੂੰ ਉੱਚਤਾ ਦਿੰਦਾ
ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਿਲਾਪਾਂ ਅਤੇ ਵਿਛੋੜਿਆਂ ਦਾ ਦੇਸ਼ ਹੈ ਜਿਨ੍ਹਾਂ ਵਿਚ
ਵੱਖ ਵੱਖ ਕੌਮਾਂ ਮਿਲਦੀਆਂ ਰਹੀਆਂ ਅਤੇ ਵਿਛੜਦੀਆਂ ਰਹੀਆਂ। ਉਨ੍ਹਾਂ ਭਾਸ਼ਨ ਨੂੰ
ਸਮੇਟਦਿਆਂ ਕਿਹਾ ਕਿ ਸੰਗੀਤ ਮਾਨਵਤਾ ਨੂੰ ਏਕਤਾ ਵਿਚ ਬੰਨ੍ਹਦਾ ਹੈ ਤੇ ਇਸ ਕਿੱਸੇ
ਵਿਚੋਂ ਇਹ ਹੀ ਸੁਰ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਵਾਰਿਸ ਆਤਮਾ ਨੂੰ ਜਾਨਣ ਵਾਲਾ ਕਵੀ
ਹੈ।
ਮੁੱਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਸਾਹਿਤ ਕਿਸੇ
ਸਮਾਜ ਨੂੰ ਸੇਧ ਦਿੰਦਾ ਹੈ। ਵਕਤ ਅਤੇ ਹਾਲਾਤ ਮੁਤਾਬਿਕ ਸੱਚ ਨੂੰ ਫੜਦਾ ਹੈ ਅਤੇ ਸਮਾਜ
ਵਿਚ ਬਦਲਾਉ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਦੀ ਨਬਜ਼ ਪਛਾਣ ਕੇ
ਸਰਕਾਰਾਂ ਦੇ ਕੰਨਾਂ ਵਿਚੋਂ ਢਲਿਆ ਸਿੱਕਾ ਕੱਢਣਾ ਚਾਹੀਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਪਾਤਰ ਹੋਰਾਂ ਆਖਿਆ ਕਿ ਇਹ ਇਨਾਮ ਪਹਿਲਾਂ
ਦਿੱਤੇ ਜਾਂਦੇ ਇਨਾਮਾਂ ਨਾਲੋਂ ਬੇਹਤਰ ਹੈ। ਉਨ੍ਹਾਂ ਅਕਾਡਮੀ ਵਲੋਂ ਵਰਤਮਾਨ ਸਮੇਂ ਵਿਚ
ਦਿੱਤੇ ਜਾਣ ਵਾਲੇ ਸਨਮਾਨਾਂ ਦਾ ਪ੍ਰਬੰਧ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਡਿਆਇਆ।
ਉਨ੍ਹਾਂ ਤਿੰਨੇ ਇਨਾਮ ਪ੍ਰਾਪਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੱਤੀ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ
ਕਿ ਤਿੰਨਾਂ ਸ਼ਖ਼ਸੀਅਤਾਂ ਦੇ ਨਾਂ ’ਤੇ ਦਿੱਤੇ ਜਾਣ ਵਾਲੇ ਅੱਜ ਦੇ ਪੁਰਸਕਾਰ ਇਕ ਵਿਲੱਖਣ
ਲੀਹ ਪਾਉਦੇ ਹਨ ਕਿਉਕਿ ੳਨ੍ਹਾਂ ਵੱਡੀਆਂ ਸ਼ਖ਼ਸੀਅਤਾਂ ਨੇ ਬਹੁਤ ਸਾਰੀਆਂ ਨਵੀਆਂ ਕਲਮਾਂ
ਘੜ੍ਹੀਆਂ ਅਤੇ ਕਲਮਾਂ ਦੇ ਨਾਲ ਨਾਲ ਵਕਤ ਨੂੰ ਵੀ ਘੜਿਆ।
ਸਨਮਾਨ ਪ੍ਰਾਪਤ ਲੇਖਕ ਸ੍ਰੀ ਕੇ. ਐੱਲ. ਗਰਗ ਨੇ ਅੰਮਿ੍ਰਤਾ ਇਮਰੋਜ਼ ਸਨਮਾਨ ਬਾਰੇ
ਬੋਲਦਿਆਂ ਕਿਹਾ ਕਿ ਇਨ੍ਹਾਂ ਵੱਡ ਆਕਾਰੀ ਸ਼ਖ਼ਸੀਅਤਾਂ ਦਾ ਸ਼ਬਦ ਯਾਤਰਾ ਅਤੇ ਸਿਰਜਣਾਤਮਕ
ਵਿਕਾਸ ਵਿਚ ਬਹੁਤ ਵੱਡਾ ਹਿੱਸਾ ਹੈ ਜਿਨ੍ਹਾਂ ਇਕ ਪੂਰੀ ਪੀੜ੍ਹੀ ਦੇ ਚੰਗੇ ਲੇਖਕਾਂ ਨੂੰ
ਤਿਆਰ ਕੀਤਾ।

ਡਾ. ਹਰਿਭਜਨ ਸਿੰਘ ਭਾਟੀਆ ਹੋਰਾਂ ਆਖਿਆ ਕਿ ਇਹ ਪੁਰਸਕਾਰ ਜਿਸ ਸ਼ਖ਼ਸੀਅਤ ਦੇ ਨਾਮ ’ਤੇ
ਉਸ ਨੂੰ ਦਿੱਤਾ ਗਿਆ ਹੈ ਉਹ ਸ਼ਖ਼ਸੀਅਤਾਂ ਦੁਸ਼ਵਾਰੀਆਂ ਵਿਚ ਵੀ ਲਗਾਤਾਰ ਕੰਮ ਕਰਦੀ ਰਹੀ
ਅਤੇ ਅਜਿਹੀਆਂ ਇਤਿਹਾਸਕ ਭੂਮਿਕਾ ਵਾਲੀਆਂ ਸ਼ਖ਼ਸੀਅਤਾਂ ਨੂੰ ਅਕਾਡਮੀ ਨੇ ਸਾਂਭ ਕੇ
ਵੱਡਮੁੱਲਾ ਕੰਮ ਕੀਤਾ ਹੈ।

ਮਾਸਟਰ ਤਰਲੋਚਨ ਸਿੰਘ ਨੇ ਕਿਹਾ ਕਿ ਵੱਡੇ ਬੰਦਿਆਂ ਦੀਆਂ ਜਿੰਨੀਆਂ ਦਿਸ਼ਾਵਾਂ ਹੋ
ਸਕਦੀਆਂ ਹਨ, ਉਨ੍ਹਾਂ ਨੂੰ ਸਾਨੂੰ ਸਮਝਣਾ ਤੇ ਸਾਂਭਣਾ ਚਾਹੀਦਾ ਹੈ।
ਸ੍ਰੀ ਬੀਬਾ ਬਲਵੰਤ ਨੇ ਅੰਮਿ੍ਰਤਾ ਇਮਰੋਜ਼ ਇਨਾਮ ਸ਼ੁਰੂ ਕਰਨ ਬਾਰੇ ਕਿਹਾ ਕਿ ਅੰਮਿ੍ਰਤਾ
ਇਮਰੋਜ਼ ਨੇ ਮੁਹੱਬਤ ਦੀ ਨੀਂਹ ਰੱਖੀ ਅਤੇ ਇਹ ਇਨਾਮ ਮੁਹੱਬਤ ਦੇ ਰਿਸ਼ਤੇ ਨੂੰ ਸਮਰਪਿਤ
ਹੈ।

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ
ਇਹ ਇਨਾਮ ਜਿੰਨੇ ਅਕਾਡਮੀ ਦੇ ਮਾਣ ਨੂੰ ਵਧਾਉਦੇ ਹਨ ਉਥੇ ਲੇਖਕਾਂ ਉਪਰ ਜ਼ਿੰਮੇਂਵਾਰੀ ਵੀ
ਪਾਉਦੇ ਹਨ ਕਿ ਪੁਰਸਕਾਰ ਨਾਂ ਵਾਲੀ ਸ਼ਖ਼ਸੀਅਤ ਨੂੰ ਆਉਣ ਵਾਲੇ ਸਮੇਂ ਵਿਚ ਵੱਡਿਆ ਕਰਨਾ
ਹੈ। ਉਨ੍ਹਾਂ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ
ਪੁਰਸਕਾਰ ਪ੍ਰਾਪਤ ਲੇਖਕਾਂ ਨੂੰ ਜੀਅ ਆਇਆਂ ਕਿਹਾ ਅਤੇ ਧੰਨਵਾਦ ਕੀਤਾ।

ਸਨਮਾਨਤ ਸ਼ਖ਼ਸੀਅਤਾਂ ਬਾਰੇ ਸ਼ੋਭਾ ਪੱਤਰ ਡਾ. ਗੁਰਚਰਨ ਕੌਰ ਕੋਚਰ, ਸ੍ਰੀ ਕੇ. ਸਾਧੂ ਸਿੰਘ ਅਤੇ ਸ. ਸਹਿਜਪ੍ਰੀਤ ਸਿੰਘ ਮਾਂਗਟ ਨੇ ਪੜ੍ਹੇ। ਸਮਾਗਮ ਦਾ ਮੰਚ ਸੰਚਾਲਨ ਦੀ ਜ਼ਿੰਮੇਂਵਾਰੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨਿਭਾਈ। ਅੰਤ ’ਚ ਸਨਮਾਨਿਤ ਸ਼ਖ਼ਸੀਅਤਾਂ, ਮੁੱਖ ਮਹਿਮਾਨਾਂ ਅਤੇ ਸਮਾਗਮ ’ਚ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਸ੍ਰੀ ਸੁਖਜੀਤ, ਡਾ. ਗੁਰਚਰਨ ਕੌਰ ਕੋਚਰ, ਮੈਡਮ, ਕੇ. ਸਾਧੂ ਸਿੰਘ, ਤ੍ਰੈਲੋਚਨ ਲੋਚੀ, ਸ੍ਰੀ ਬਲਦੇਵ ਝੱਜ, ਹਰਬੰਸ ਮਾਲਵਾ, ਇੰਦਰਜੀਤਪਾਲ ਕੌਰ, ਜਸਵੀਰ ਝੱਜ, ਸੁਰਿੰਦਰ ਸਿੰਘ ਸੁੱਨੜ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਰਾਮਪੁਰੀ ਸੁਰਜੀਤ ਸਿੰਘ ਲਾਬੜਾਂ, ਕਮਲਜੀਤ ਨੀਲੋਂ, ਡਾ. ਮੁਹੰਮਦ ਅਸ਼ਰਫ਼, ਡਾ. ਰਣਜੀਤ ਸਿੰਘ, ਅਮਰਜੀਤ ਸ਼ੇਰਪੁਰੀ, ਕੁਲਵਿੰਦਰ ਕਿਰਨ, ਸਵਰਨਜੀਤ ਸਵੀ, ਦਲਜੀਤ ਸਿੰਘ ਸ਼ਾਹੀ, ਅਜੀਤ ਪਿਆਸਾ, ਤੇਜਿੰਦਰ ਕੌਰ, ਰੁਪਿੰਦਰਪਾਲ ਸਿੰਘ ਗਿੱਲ, ਡਾ. ਨਿਰਮਲ ਜੌੜਾ, ਸੰਤੋਖ ਸਿੰਘ ਔਜਲਾ ਪਰਮਿੰਦਰ ਸਿੰਘ ਬੈਨੀਪਾਲ, ਸੁਰਿੰਦਰ ਦੀਪ, ਜਸਪ੍ਰੀਤ ਕੌਰ, ਨਵਜੋਤ ਕਿਰਨ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

     ਡਾ. ਗੁਰਇਕਬਾਲ ਸਿੰਘ           

     ਜਨਰਲ ਸਕੱਤਰ       

               


Posted

in

by

Tags:

Comments

Leave a Reply

Your email address will not be published. Required fields are marked *