ਲੁਧਿਆਣਾ : 18 ਅਕਤੂਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਮੌਕੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਹਾਜ਼ਰ ਲੇਖਕਾਂ ਵਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ ਬੁੱਤ ’ਤੇ ਹਾਰ ਪਾ ਕੇ ਸਮਾਗਮ ਦਾ ਆਰੰਭ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਮਾਜ ਸੇਵਕ ਸ. ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਪਾਲ ਕੌਰ, ਡਾ. ਜਸਵਿੰਦਰ ਸਿੰਘ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਧੀਵਧ ਤਰੀਕੇ ਨਾਲ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਪ੍ਰੋ. ਮੋਹਨ ਸਿੰਘ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਡਾ. ਜਸਵਿੰਦਰ ਸਿੰਘ ਨੂੰ ਗੁਲਦਸਤਾ ਭੇਟ ਕੀਤਾ। ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ ਦੀ ਤਰੁੰਨਮ ’ਚ ਸੁਣਾਈ ਗ਼ਜ਼ਲ ਨਾਲ ਸੈਮੀਨਾਰ ਸ਼ੁਰੂ ਕੀਤਾ ਗਿਆ। ਡਾ. ਜਸਵਿੰਦਰ ਸਿੰਘ, ਪ੍ਰੋ. ਐਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੇ ‘‘ਸਮਕਾਲ ਨਾਲ ਸੰਵਾਦ’’ ਵਿਸ਼ੇ ’ਤੇ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਨ ਦਿੰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਸੋਚ ਅਨੁਸਾਰ ਇਮਾਨਦਾਰ ਸਿਆਸਤਦਾਨ ਹੋਣੇ ਚਾਹੀਦੇ ਹਨ। ਸ਼ਕਤੀ ਤੇ ਅਸੂਲ ਕੱਠੇ ਨਹੀਂ ਚੱਲ ਸਕਦੇ। ਮੀਡੀਆ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਪਣਾ ਸਹੀ ਰੋਲ ਨਹੀਂ ਨਿਭਾ ਰਿਹਾ। ਉਨ੍ਹਾਂ ਨੇ ਪ੍ਰੋ. ਮੋਹਨ ਸਿੰਘ ਦੀਆਂ ਕਵਿਤਾਵਾਂ ਵਿਚੋਂ ਕਈ ਹਵਾਲੇ ਵੀ ਦਿੱਤੇ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਧਨਵੰਤ ਕੌਰ ਨੇ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦਿੱਤਾ। ਪ੍ਰੋ. ਮੋਹਨ ਸਿੰਘ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਵੀ ਰਹੇ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਸ਼ਨ ਬਣਾਈ ਗਈ ਅਤੇ ਸ. ਜਗਦੇਵ ਸਿੰਘ ਜੱਸੋਵਾਲ ਨੇ ਪ੍ਰੋ. ਮੋਹਨ ਸਿੰਘ ਮੇਲਾ ਲਗਾਉਣਾ ਸ਼ੁਰੂ ਕੀਤਾ। ਸ. ਜੱਸੋਵਾਲ ਦੀ ਅਗਵਾਈ ਵਿਚ ਮੇਲਾ ਵੱਡੇ ਪੱਧਰ ’ਤੇ ਨਿਰੰਤਰ ਚਲਦਾ ਰਿਹਾ। ਉਸ ਦੀ ਖੁਸ਼ਬੋਈ ਅੱਜ ਵੀ ਦਿਖਾਈ ਦੇ ਰਹੀ ਹੈ। ਉਨ੍ਹਾਂ ‘ਡੀਪ ਸਟੇਟ’ ਦੀ ਗੱਲ ਕਰਦਿਆਂ ਕਿਹਾ ਪੰਜਾਬ ਚੁਣੌਤੀਆਂ ਦੇ ਬਾਵਜੂਦ ਹਾਰੇਗਾ ਨਹੀਂ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਕਵੀ ਦਰਬਾਰ ਵਿਚ ਡਾ. ਪਾਲ ਕੌਰ, ਹਰਮੀਤ ਵਿਦਿਆਰਥੀ, ਰਮਨ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਤਰਸਪਾਲ ਕੌਰ, ਰਣਜੀਤ ਕੌਰ ਸਵੀ, ਕੁਲਵਿੰਦਰ ਵਿਰਕ, ਸਿਮਰਨ ਅਕਸ, ਕੁਲਵਿੰਦਰ ਕੁੱਲਾ, ਨਵਤੇਜ ਗੜ੍ਹਦੀਵਾਲਾ, ਮਨਜਿੰਦਰ, ਮਨਦੀਪ ਔਲਖ ਸਮੇਤ ਹਾਜ਼ਰ ਕਵੀਆਂ ਨੇ ਕਵਿਤਾਵਾਂ ਪੇਸ਼ ਕਰਦਿਆਂ ਪ੍ਰੋ. ਮੋਹਨ ਸਿੰਘ ਨੂੰ ਯਾਦ ਕੀਤਾ।
ਸ. ਰਘਬੀਰ ਸਿੰਘ ਭਰਤ ਹੋਰਾਂ ਨੇ ਪੁਸਤਕ ਲੋਕ ਅਰਪਨ ਮੌਕੇ ਹਾਜ਼ਰ ਹੋਣਾ ਸੀ, ਪਰ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਅਚਾਨਕ ਸ. ਰਘਬੀਰ ਸਿੰਘ ਭਰਤ ਅਤੇ ਉੱਘੇ ਲੇਖਕ ਗੁਰਨਾਮ ਢਿੱਲੋਂ, ਡਾ. ਸ਼ਿੰਦਰਪਾਲ ਸਿੰਘ ਦੇ ਹੋਣਹਾਰ ਸਪੁੱਤਰ ਦੀ ਬੇਵਕਤ ਮੌਤ ’ਤੇ ਦੁੱਖ ਪ੍ਰਗਟ ਕੀਤਾ। ਕੁਝ ਸਮਾਂ ਪਹਿਲਾਂ ਵੀ ਭਰਤ ਜੀ ਦੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਪ੍ਰਕਾਸ਼ਿਤ ਕੀਤੀ ਗਈ ਸੀ। ਸ. ਰਘਬੀਰ ਸਿੰਘ ਭਰਤ ਨੇ ਕਈ ਮੁੱਲਵਾਨ ਪੁਸਤਕਾਂ ਦੀ ਰਚਨਾ ਕੀਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਅਸ਼ਵਨੀ ਜੇਤਲੀ, ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਡਾ. ਧਨਵੰਤ ਕੌਰ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਸਤਨਾਮ ਸਿੰਘ ਕੋਮਲ, ਨੇਤਰ ਸਿੰਘ ਮੁੱਤੋ, ਰਜਿੰਦਰ ਵਰਮਾ, ਹਰਬਖਸ਼ ਸਿੰਘ ਗਰੇਵਾਲ, ਅਜੀਤ ਪਿਆਸਾ, ਪਰਵਿੰਦਰ ਸਿੰਘ ਕਲਸੀ, ਜਗਪਾਲ ਸਿੰਘ ਜਮਾਲਪੁਰੀ, ਮੇਜਰ ਸਿੰਘ ਛੀਨਾ, ਅਵਤਾਰ ਸਿੰਘ ਜਗਰਾਉਂ, ਦਰਸ਼ਨ ਬੋਪਾਰਾਏ, ਹਰਬੰਸ ਸਿੰਘ ਅਖਾੜਾ, ਡਾ. ਸੋਮਪਾਲ ਹੀਰਾ, ਡਾ. ਕੰਵਲ ਢਿੱਲੋਂ, ਜਗਤਾਰ ਸੇਖਾ, ਸੰਧੇ ਸੁਖਬੀਰ, ਪ੍ਰੀਤ ਬਾਠ, ਮੇਜਰ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਸ਼ਾਮਲ ਹੋਏ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ


Leave a Reply