ਲੁਧਿਆਣਾ : 20 ਨਵੰਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਤੀਸਰਾ ਸਾਲਾਨਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ 2026 ਪੰਜਾਬੀ ਭਵਨ, ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ ਕਰਵਾਇਆ ਜਾ ਰਿਹਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਰੰਭ।
21 ਨਵੰਬਰ, 2026 ਦੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਹਰਵਿੰਦਰ ਸਿੰਘ ਧਾਲੀਵਾਲ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਪਿ੍ਰੰ. ਇੰਦਰਜੀਤ ਕੌਰ ਮੇਅਰ ਲੁਧਿਆਣਾ, ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਕਿਰਪਾਲ ਕਜ਼ਾਕ, ਸ. ਅਮਰਜੀਤ ਸਿੰਘ ਟਿੱਕਾ ਸ਼ਾਮਲ ਸਨ।
‘‘ਆਓ ਪੁਸਤਕਾਂ ਪੜ੍ਹੀਏ’’ ਵਿਸ਼ੇ ’ਤੇ ਪ੍ਰੋ. ਕਿਰਪਾਲ ਕਜ਼ਾਕ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਥਾਵਾਂ ’ਤੇ ਪੁਸਤਕ ਮੇਲੇ ਲੱਗਦੇ ਨੇ ਜਿਨ੍ਹਾਂ ਦੀ ਅੱਜ ਦੇ ਸਮੇਂ ਵਿਚ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਬਦ, ਅੱਖਰ ਮਿਲ ਕੇ ਹੀ ਕਿਤਾਬ ਬਣਦੇ ਨੇ ਤੇ ਉਹੀ ਕਿਤਾਬ ਰੌਸ਼ਨੀ ਦਾ ਮਿਨਾਰ ਬਣ ਕੇ ਸਾਡੇ ਹਨੇਰੇ ਰਾਹਾਂ ਵਿਚ ਚਾਨਣ ਦੇ ਬੀਜ ਬੀਜ ਦੀਆਂ ਹਨ। ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਆਯੋਜਿਤ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੀ ਭਰਪੂਰ ਪ੍ਰਸੰਸਾ ਕੀਤੀ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਹਰਵਿੰਦਰ ਸਿੰਘ ਧਾਲੀਵਾਲ, ਉਪ-ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਿਹਾ ਕਿ ਚੰਗੀ ਪੁਸਤਕ ਮਨੁੱਖ ਨੂੰ ਪੂਰਨ ਮਨੁੱਖ ਬਣਾਉਦੀ ਹੈ। ਚੰਗੀ ਪੁਸਤਕ ਮਨੁੱਖ ਦਾ ਤੀਜੀ ਅੱਖ ਬਣ ਕੇ ਚੰਗਾ ਮਨੁੱਖ ਬਣਨ ਦੇ ਰਾਹ ਪਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਚੰਗੀਆਂ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ।
ਪੁਸਤਕ ਮੇਲੇ ਦਾ ਉਦਘਾਟਨ ਲੁਧਿਆਣਾ ਦੇ ਮੇਅਰ ਪਿ੍ਰੰ. ਇੰਦਰਜੀਤ ਕੌਰ ਨੇ ਕੀਤਾ। ਉਨ੍ਹਾਂ ਕਿਤਾਬਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਝਵਾਨ ਲੋਕ ਕਿਤਾਬਾਂ ਨਾਲ ਜੁੜਦੇ ਹਨ ਅਤੇ ਸਮਾਜ ਵਿਚ ਚੰਗੀਆਂ ਪਿਰਤਾਂ ਪਾਉਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਸਮਾਜ ਸਿਰਜਿਆ ਜਾ ਸਕੇ। ਉਨ੍ਹਾਂ ਨਵੀਂ ਪੀੜ੍ਹੀ ਨੂੰ ਚੰਗੀਆਂ ਪੁਸਤਕਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਪੰਜਾਬੀ ਲੋਕਾਂ ਨੂੰ ਪੰਜਾਬੀ ਬੋਲਣ ’ਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਕਿਉਕਿ ਪੰਜਾਬੀ ਬੋਲੀ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਪੈਗੰਬਰਾਂ ਵਲੋਂ ਰਚੀ ਗਈ ਹੈ।
ਸੈਸ਼ਨ ਦੇ ਅਖ਼ੀਰ ’ਚ ਅਕਾਡਮੀ ਦੇੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਹਿਤ ਉਤਸਵ ਦੇ ਕਨਵੀਨਰ ਡਾ. ਪਾਲ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਤੀਸਰਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਆਪਣੇ ਆਪ ਵਿਚ ਵਿਲੱਖਣ ਹੈ। ਇਸ ਵਾਰ ਦਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਜੀ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ 22 ਨਵੰਬਰ ਨੂੰ ਨਵੀਂ ਪੀੜ੍ਹੀ ਦੀਆਂ ਕੁੜੀਆਂ ਦਾ ਪਿਤਰ ਸੱਤਾ ਨਾਲ ਦਸਤਪੰਜਾ ਵਿਸ਼ੇ ’ਤੇ ਵਿਚਾਰ ਚਰਚਾ ਹੋਵੇਗੀ ਅਤੇ ਉਪਰੰਤ ਕਵੀ ਦਰਬਾਰ ਹੋਵੇਗਾ। 23 ਨਵੰਬਰ ਨੂੰ ਆਦਿ ਧਰਮ ਮੰਡਲ ਅਤੇ ਸਮਕਾਲੀ ਰਾਜਨੀਤੀ ਵਿਸ਼ੇ ’ਤੇ ਭਾਸ਼ਣ ਹੋਵੇਗਾ ਉਪਰੰਤ ਕਵੀ ਦਰਬਾਰ ਹੋਵੇਗਾ। ਸਮਰਪਿਤ ਮੇਲੇ ਦੇ ਅਖ਼ੀਰਲੇ ਦਿਨ 24 ਨਵੰਬਰ ਨੂੰ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਦੀ ਯਾਦ ਵਿਚ ਪੰਜਾਬ ਰਤਨ ਸਨਮਾਨ ਨਾਲ ਡਾ. ਸ. ਸ. ਜੌਹਲ ਜੀ ਨੂੰ ਸਨਮਾਨਤ ਕੀਤਾ ਜਾਵੇਗਾ।
ਬਾਅਦ ਦੁਪਹਿਰ ਪ੍ਰਸਿੱਧ ਕਵਿੱਤਰੀ ਡਾ. ਪਾਲ ਕੌਰ ਨਾਲ ਰੂ-ਬ-ਰੂ ਕੀਤਾ ਗਿਆ। ਸਵਾਲਾਂ ਜਵਾਬਾਂ ਦੇ ਇਸ ਪ੍ਰੋਗਰਾਮ ਵਿਚ ਡਾ. ਗੁਰਇਕਬਾਲ ਸਿੰਘ ਨੇ ਡਾ. ਪਾਲ ਕੌਰ ਹੋਰਾਂ ਦੀ ਕਵਿਤਾ ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤ ਹੀ ਮਾਰਮਿਕ ਸਵਾਲ ਕੀਤੇ ਅਤੇ ਡਾ. ਪਾਲ ਕੌਰ ਹੋਰਾਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਬਾਖ਼ੂਬੀ ਦਿੱਤੇ। ਅੱਜ ਅਖ਼ੀਰਲੇ ਸੈਸ਼ਨ ਡਾ. ਸਵਰਾਜਬੀਰ ਦੇ ਨਾਟਕ ਸਕੈਲਪਲ ਦਾ ਮੰਚਨ ਨਾਟਕਕਾਰ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਪੁਸਤਕ ਮੇਲੇ ਮੌਕੇ ਸਾਹਿਤ ਅਕਾਦੇਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਦਿੱਲੀ ਸਮੇਤ ਦੋ ਦਰਜਨ ਪੁਸਤਕ ਵਿਕ੍ਰੇਤਾਵਾਂ ਦੇ ਕਿਤਾਬਾਂ ਦੇ ਸਟਾਲ ਲੱਗੇ ਹੋਏ ਹਨ।
ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਮਨਜਿੰਦਰ ਧਨੋਆ, ਨਵਤੇਜ ਗੜ੍ਹਦੀਵਾਲਾ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਸੁਖਦੇਵ ਕੌਰ ਚਮਕ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਸਰੋਜ ਰਾਣੀ ਸ਼ਰਮਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਦਲਵੀਰ ਲੁਧਿਆਣਵੀ, ਪਰਮਜੀਤ ਸਿੰਘ ਗਰੇਵਾਲ, ਦਲਵੀਰ ਸਿੰਘ ਕਲੇਰ, ਭੂਪਿੰਦਰ ਸਿੰਘ ਧਾਲੀਵਾਲ, ਅਮਰਜੀਤ ਸ਼ੇਰਪੁਰੀ, ਮਨਿੰਦਰ ਸਿੰਘ ਭਾਟੀਆ, ਕੰਵਲਜੀਤ ਨੀਲੋਂ, ਤਰਲੋਚਨ ਸਿੰਘ, ਡੀ. ਪੀ. ਮੌੜ, ਚਰਨ ਸਿੰਘ ਗੁਰਮ, ਕਮਲਪ੍ਰੀਤ ਕੌਰ, ਡਾ. ਗੁਰਪ੍ਰੀਤ ਰਤਨ, ਸੁਖਪ੍ਰੀਤ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਸਤਿਬੀਰ ਸਿੰਘ, ਪਾਲੀ ਖ਼ਾਦਿਮ, ਚਰਨਜੀਤ ਸਿੰਘ, ਆਰਤੀ ਸ਼ਰਮਾ, ਬਲਦੇਵ ਸਿੰਘ ਬੱਲੀ, ਹਰਵਿੰਦਰ ਥਰੀਕੇ, ਹਰਦੇਵ ਸਿੰਘ, ਰਮਾਂ ਸ਼ਰਮਾ, ਹਰਸ਼ ਵਰਧਨ ਆਜ਼ਾਦ ਆਦਿ ਸ਼ਾਮਲ ਸਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ



Leave a Reply