ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ
ਦੇ ਸਹਿਯੋਗ ਨਾਲ ਮਿਤੀ 18 ਨਵੰਬਰ, 2022 ਨੂੰ ਲਾਲ ਸਿੰਘ ਦਿਲ ਯਾਦਗਾਰੀ ਭਾਸ਼ਨ ਦਾ
ਆਯੋਜਨ ਕਰਵਾਇਆ ਗਿਆ। ਡਾ. ਰਾਜ ਕੁਮਾਰ ਹੰਸ, ਰਿਟਾਇਰਡ ਪ੍ਰੋਫ਼ੈਸਰ ਬੜੌਦਾ ਯੂਨੀਵਰਸਿਟੀ
ਇਸ ਭਾਸ਼ਨ ਦੇ ਮੁੱਖ ਵਕਤਾ ਸਨ। ਉਨ੍ਹਾਂ ‘ਦਲਿਤ ਸਾਹਿਤ ਅਤੇ ਲਾਲ ਸਿੰਘ ਦਿਲ’ ਬਾਰੇ
ਭਾਸ਼ਨ ਦਿੰਦੇ ਹੋਏ ਆਖਿਆ ਕਿ ਲਾਲ ਸਿੰਘ ਦਿਲ ਪੰਜਾਬੀ ਸਾਹਿਤ ਦਾ ਸਰਦਾਰ ਹੈ। ਉਹ ਇਕ
ਇਨਕਲਾਬੀ ਕਵੀ ਅਤੇ ਗਹਿਰੀ ਸ਼ਖ਼ਸੀਅਤ ਦਾ ਮਾਲਕ ਸੀ ਜਿਸ ਦੇ ਜੀਵਨ ਵਿਚ ਬਹੁਤ
ਉਤਰਾਅ-ਚੜ੍ਹਾਅ ਆਏ, ਤੇ ਉਨ੍ਹਾਂ ਬਾਰੇ ਲਿਖਿਆ। ਉਨ੍ਹਾਂ ਆਖਿਆ ਕਿ ਦਿਲ ਅਧੂਰੇ ਸਫ਼ਰ ਦੀ
ਪੂਰੀ ਦਾਸਤਾਨ ਹੈ। ਉਹ ਰਾਜਨੀਤੀ ਦਾ ਨਕਸ਼ਾ ਨਵੀਸ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਇਆ ਕਿਹਾ ਕਿ ਇਕ ਕਿਰਤੀ ਤੋਂ ਨਕਸਲੀ ਕਵੀ ਤੱਕ ਦਾ
ਸਫ਼ਰ ਲੋੜਾਂ-ਥੁੜਾਂ ਤੇ ਦੁਸ਼ਵਾਰੀਆਂ ਦਾ ਸਫ਼ਰ ਹੈ ਜਿਸ ਵਿਚ ਉਨ੍ਹਾਂ ਦੇ ਲੋਕਾਂ ਦੇ ਜੀਵਨ
ਦਾ ਸਾਰ ਤੱਟ ਦਿੱਤਾ। ਦਿਲ ਜਿਊਣਾ ਚਾਹੁੰਦਾ ਸੀ ਪਰ ਜਾਬਰ ਸਮੇਂ ਨੇ ਉਸ ਨੂੰ ਬਹੁਤਾ
ਵਕਤ ਜਿਊਣ ਨਾ ਦਿੱਤਾ। ਵਿਸ਼ੇਸ਼ ਮਹਿਮਾਨ ਡਾ. ਗੁਰਚਰਨ ਕੌਰ ਕੋਚਰ (ਸਕੱਤਰ ਸਾਹਿਤਕ
ਸਰਗਰਮੀਆਂ) ਨੇ ਕਿਹਾ ਕਿ ਯਾਦਗਾਰੀ ਭਾਸ਼ਨ ਇਕ ਚੰਗਾ ਉੱਦਮ ਹੈ ਜਿਸ ਨਾਲ ਅਸੀਂ ਆਪਣੇ
ਮਹਾਨ ਸਾਹਿਤਕਾਰਾਂ ਨੂੰ ਯਾਦ ਕਰਦੇ ਹਾਂ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ
ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਹਰ ਸਾਲ ਉੱਘੇ ਵਿਦਵਾਨਾਂ ਦੀ ਯਾਦ
ਵਿਚ ਯਾਦਗਾਰੀ ਭਾਸ਼ਨ ਕਰਵਾਏ ਜਾਂਦੇ ਹਨ। ਇਸੇ ਲੜੀ ਅਧੀਨ ਲਾਲ ਸਿੰਘ ਦਿਲ ਯਾਦਗਾਰੀ
ਭਾਸ਼ਨ ਇਸ ਸਾਲ ਮਾਨਸਾ ਵਿਖੇ ਕਰਵਾਇਆ ਗਿਆ। ਉਨ੍ਹਾਂ ਸਮਾਗਮ ਦੇ ਸਮੁੱਚੇ ਪ੍ਰਬੰਧ ਲਈ
ਕਾਲਜ ਦੇ ਪਿ੍ਰੰਸੀਪਲ ਡਾ. ਲਵਲੀਨ ਅਤੇ ਸਮਾਗਮ ਵਿਚ ਪਹੁੰਚੇ ਵਿਦਵਾਨਾਂ ਅਤੇ
ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਮੰਚ ਸੰਚਾਲਕ ਡਾ. ਕੁਲਦੀਪ ਸਿੰਘ ਦੀਪ ਨੇ ਪ੍ਰਧਾਨਗੀ ਮੰਡਲ ਬਾਰੇ ਜਾਣਕਾਰੀ
ਦਿੱਤੀ ਅਤੇ ਕਿਹਾ ਕਿ ਲਾਲ ਸਿੰਘ ਦਿਲ ਅਜਿਹਾ ਕਵੀ ਹੈ ਜਿਹੜਾ ਵੱਡਾ ਹੈ ਪਰ ਉਸ ਬਾਰੇ
ਗੱਲ ਘੱਟ ਹੋਈ ਹੈ। ਉਨ੍ਹਾਂ ਨੇ ਮੁੱਖ ਵਕਤਾ ਡਾ.ਰਾਜ ਕੁਮਾਰ ਹੰਸ ਬਾਰੇ ਜਾਣਕਾਰੀ
ਦਿੱਤੀ। ਪਿ੍ਰੰ. ਡਾ. ਲਵਲੀਨ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਕਾਲਜ ਵਿਚ
ਯਾਦਗਾਰੀ ਭਾਸ਼ਨ ਕਰਵਾਉਣ ਲਈ ਧੰਨਵਾਦ ਕਰਦਿਆਂ ਮਹਿਮਾਨਾਂ ਤੇ ਵਿਦਿਆਰਥੀਆਂ ਨੂੰ ਜੀ
ਆਇਆਂ ਕਿਹਾ। ਇਸ ਮੌਕੇ ਸ੍ਰੀ ਅਮਰਜੀਤ ਸ਼ੇਰਪੁਰੀ ਸਮੇਤ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ
ਅਤੇ ਵਿਦਿਆਰਥੀ ਕਾਫ਼ੀ ਗਿਣਤੀ ਵਿਚ ਹਾਜ਼ਰ ਸਨ। ਭਾਸ਼ਨ ਤੋਂ ਪਹਿਲਾਂ ਕਾਲਜ ਦੀਆਂ
ਵਿਦਿਆਰਥਣਾਂ ਮਨਪ੍ਰੀਤ ਕੌਰ, ਪਰਮਜੀਤ ਕੌਰ ਅਤੇ ਪੁਸ਼ਪਿੰਦਰ ਚੌਹਾਨ ਨੇ ਕਵਿਤਾ ਪਾਠ
ਕੀਤਾ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
ਲਾਲ ਸਿੰਘ ਦਿਲ ਯਾਦਗਾਰੀ ਭਾਸ਼ਨ
by
Tags:
Leave a Reply