ਲੁਧਿਆਣਾ : 27 ਮਈ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਪ੍ਰੋ. ਸ. ਸ. ਪਦਮ ( ਸੰਤ ਸਿੰਘ ਪਦਮ ) ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਸ. ਸ. ਪਦਮ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 1966 ਤੋਂ 1987 ਤੱਕ ਪੰਜਾਬੀ ਪੜ੍ਹਾਉਂਦੇ ਰਹੇ। ਉਹਨਾਂ ਨੇ ਬਰਨਾਲਾ ਦੀ ਸਾਹਿਤਧਾਰਾ ਨੂੰ ਪ੍ਰਫੁੱਲਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦਸਿਆ ਬਰਨਾਲਾ ਦੀ ਪਹਿਲੀ ਸਾਹਿਤ ਸਭਾ ( ਪੰਜਾਬੀ ਸਾਹਿਤ ਸਭਾ) ਦੀ ਸਥਾਪਨਾ ਲਈ ਜਿਹੜੀ 28 ਅਗਸਤ, 1955 ਨੂੰ ਪਹਿਲੀ ਮੀਟਿੰਗ ਹੋਈ ਸੀ, ਉਸ ਵਿਚ ਪ੍ਰੋ. ਪਦਮ ਵੀ ਸ਼ਾਮਲ ਸਨ। ਉਹਨਾਂ ਦੀ ਹਿੰਮਤ ਸਦਕਾ ਹੀ 28 ਅਕਤੂਬਰ,1955 ਨੂੰ ਬਰਨਾਲਾ ਵਿਚ ਪਹਿਲਾ ਕਵੀ ਦਰਬਾਰ ਹੋਇਆ। ਉਹ 4 ਫਰਵਰੀ, 1990 ਤੋਂ 16 ਅਪ੍ਰੈਲ, 2000 ਤੱਕ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਰਹੇ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦਸਿਆ ਕਿ ਗਿਆਨ ਪੀਠ ਐਵਾਰਡ ਪ੍ਰਾਪਤ ਕਰਨ ਵਾਲੇ ; ਨਾਵਲਕਾਰ ਗੁਰਦਿਆਲ ਸਿੰਘ, ਜੋ ਪੜ੍ਹਾਈ ਤੋਂ ਬੇਮੁੱਖ ਹੋ ਕੇ ਪਿਤਾ ਪੁਰਖੀ ਕਿੱਤੇ ਵਿਚ ਪੈ ਗਏ ਸਨ, ਨੂੰ ਅੱਗੇ ਪੜ੍ਹਨ ਲਈ ਪ੍ਰੇਰਨ ਵਾਲੇ ਪ੍ਰੋ. ਸ. ਸ. ਪਦਮ ਹੀ ਸਨ। ਉਹ ਪੰਜਾਬੀ ਸਾਹਿਤ ਸਭਾ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਕਈ ਵਾਰ ਸਾਈਕਲ ‘ਤੇ ਹੀ ਜੈਤੋ ਤੋਂ ਚੱਲਕੇ ਬਰਨਾਲਾ ਵਿਖੇ ਆਉਂਦੇ ਹੁੰਦੇ ਸਨ। ਪ੍ਰੋ. ਪਦਮ ਦੀ ਪ੍ਰੇਰਨਾ ਨੇ ਹੀ ਬੂਟਾ ਸਿੰਘ ਸ਼ਾਦ ਦੇ ਹੱਥ ਕਲਮ ਫੜਾਈ ਸੀ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਸ. ਸ. ਪਦਮ ਲੇਖਕ ਤੋਂ ਬਿਨਾਂ ਚਿੱਤਰਕਾਰ ਅਤੇ ਖੋਜੀ ਵਿਅਕਤੀ ਵੀ ਸਨ। ਉਹ ਸ਼ਾਂਤ ਚਿੱਤ ਰਹਿ ਕੇ ਆਪਣਾ ਕੰਮ ਕਰਦੇ ਸਨ। ਸਿੱਖ ਇਤਿਹਾਸ ਨਾਲ ਸਬੰਧਤ ਉਹਨਾਂ ਦੀਆਂ ਖੋਜ ਪੁਸਤਕਾਂ ‘ਸਾਖੀ ਮੁਹੱਲੇ ਪਹਿਲੇ ਕੀ‘ ਅਤੇ ਸਿੱਖਾਂ ਦੀ ‘ਭਗਤਮਾਲਾ‘ ਆਪਣੀ ਮਿਸਾਲ ਆਪ ਹਨ। ਇਸ ਤੋਂ ਬਿਨਾਂ ਦੋ ਹੋਰ ਮੁੱਲਵਾਨ ਪੁਸਤਕਾਂ ‘ਹੀਰ ਅਹਿਮਦ‘ ਅਤੇ ‘ਭਗਵਾਨ ਸਿੰਘ ਰਚਨਾਵਲੀ‘ ਵੀ ਪਾਠਕਾਂ ਦੀ ਪਸੰਦ ਰਹੀਆਂ। ਪ੍ਰੋ. ਪਦਮ ਹਮੇਸ਼ਾ ਸਾਹਿਤ ਪ੍ਰੇਮੀਆਂ ਦੇ ਚੇਤਿਆਂ ਵਿਚ ਵਸਦੇ ਰਹਿਣਗੇ।
ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ ਜੀ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੀਰ ਝੱਜ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।
ਡਾ ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਮੋਬਾਈਲ : 70099-66188
ਪ੍ਰੋ. ਸ. ਸ. ਪਦਮ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
by
Tags:
Leave a Reply